ਤੋੜ ਮਰੋੜ ਕੇ ਪੇਸ਼ ਕੀਤਾ ਖੇਤੀ ਕਾਨੂੰਨਾਂ ‘ਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ : CM ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਖੇਤੀ ਕਾਨੂੰਨਾਂ ਦੀ ਪ੍ਰਸਤਾਵਿਤ ਮੁਅੱਤਲੀ ਦੇ ਵਾਧੇ ਬਾਰੇ ਮੀਡੀਆ ਦੇ ਉਸ ਬਿਆਨ ਨੂੰ ‘ਗਲਤ ਵਿਆਖਿਆ’ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਰਾਰਤ ਨਾਲ ਉਨ੍ਹਾਂ ਦੇ ਇਸ ਮੁੱਦੇ ਉਤੇ ਪੱਖ ਪ੍ਰਤੀ ਗਲਤ ਪ੍ਰਭਾਵ ਦੇਣ ਲਈ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।

ਮੁੱਖ ਮੰਤਰੀ ਨੇ ਕੁਝ ਕਿਸਾਨ ਨੇਤਾਵਾਂ ਦੇ ਉਨ੍ਹਾਂ (ਮੁੱਖ ਮੰਤਰੀ) ਦੇ ਅੰਦੋਲਨ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਦੇ ਖਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੰਟਰਵਿਊ ਤੋਂ ਇਹ ਸੰਦੇਸ਼ ਪਹੁੰਚਾਉਣ ਦੀ ਕੀਤੀ ਗਈ ਕੋਸ਼ਿਸ਼ ਪੂਰੀ ਤਰਾਂ ਗਲਤ ਹੈ ਜਿਵੇਂ ਕਿ ਇਸ ਮੁੱਦੇ ’ਤੇ ਉਨਾਂ ਦੇ ਬਾਕੀ ਬਿਆਨ ਤੋਂ ਸਪੱਸ਼ਟ ਹੁੰਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਸੇ ਵੀ ਦਖਲਅੰਦਾਜ਼ੀ ਜਾਂ ਸਿੱਧੇ ਤੌਰ ’ਤੇ ਵਿਚੋਲਗੀ ਜਦੋਂ ਤੱਕ ਦੋਵੇਂ ਧਿਰਾਂ ਵੱਲੋਂ ਨਹੀਂ ਮੰਗੀ ਗਈ, ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਬੰਧਤ ਇੰਟਰਵਿਊ ਵਿੱਚ ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਸੀ ‘‘ਜਿੱਥੋਂ ਤੱਕ ਮੈਂ ਸਮਝਦਾ ਹਾਂ ਉਹ ਇਹ ਹੈ ਕਿ ਕੁਝ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਅੱਗੇ ਪਾਉਣ ਲਈ ਸਹਿਮਤ ਹਨ ਪਰ ਜਿਨ੍ਹਾਂ ਦੀ ਮਿਆਦ 24 ਮਹੀਨਿਆਂ ਤੱਕ ਵੀ ਵਧਾਈ ਜਾਣ ਦੀ ਸੰਭਾਵਨਾ ਹੋ ਸਕਦੀ ਹੈ।’’ ਉਨਾਂ ਨੇ ਉਸੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਜਿਸ ਸਮਾਂ ਹੱਦ ਤੱਕ ਕਾਨੂੰਨਾਂ ਉਤੇ ਰੋਕ ਲਾਉਣ ਦੀ ਗੱਲ ਹੋ ਰਹੀ ਹੈ, ਉਹ ਪੱਖ ਲਗਾਤਾਰ ਚਰਚਾ ਦਾ ਵਿਸ਼ਾ ਹੈ (ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ)।

ਮੁੱਖ ਮੰਤਰੀ ਮੁਤਾਬਕ ਉਨ੍ਹਾਂ ਦਾ ਬਿਆਨ ਸਪੱਸ਼ਟ ਤੌਰ ’ਤੇ ਕੁਝ ਕਿਸਾਨ ਯੂਨੀਅਨਾਂ ਵੱਲੋਂ ਇਸ ਮੁੱਦੇ ’ਤੇ ਆਈ ਫੀਡਬੈਕ ਦੇ ਸੰਦਰਭ ਵਿੱਚ ਸੀ, ਜਿਸ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਸਮਝੌਤੇ ਲਈ ਉਨਾਂ ਦੇ ਨਿੱਜੀ ਸੁਝਾਅ ਵਜੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਪੂਰੇ ਬਿਆਨ ਦੇ ਸੰਦਰਭ ਵਿੱਚ ਲਿਆਂਦੇ ਜਾਣ ਦੀ ਬਜਾਏ, ਇਸ ਖਾਸ ਨੁਕਤੇ (ਖੇਤੀ ਕਾਨੂੰਨਾਂ ਦੀ 24 ਮਹੀਨਿਆਂ ਲਈ ਮੁਅੱਤਲੀ ਉਤੇ) ਨੂੰ ਇਕ ਵੱਖਰੇ ਬਿਆਨ ਵਜੋਂ ਦਿਖਾਇਆ ਗਿਆ ਜਿਸ ਨੂੰ ਉਨ੍ਹਾਂ ਤੱਥਾਂ ਤੋਂ ਗਲਤ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਦੁਹਰਾਉਦਿਆਂ ਕਿਹਾ ਕਿ ਇਸ ਮਸਲੇ ਦਾ ਛੇਤੀ ਹੱਲ ਪੰਜਾਬ ਦੀ ਸੁਰੱਖਿਆ ਲਈ ਬਹੁਤ ਨਾਜ਼ੁਕ ਹੈ ਜਿੱਥੇ ਪਿਛਲੇ ਪੰਜ-ਛੇ ਮਹੀਨਿਆਂ ਵਿੱਚ ਸਰਹੱਦ ਪਾਰ ਤੋਂ ਸੂਬੇ ਵਿੱਚ ਹਥਿਆਰਾਂ ਦੀ ਤਸਕਰੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਇਹ ਗੱਲ ਦਾਅਵੇ ਨਾਲ ਕਹੀ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਇਸ ਮੁੱਦੇ ’ਤੇ ਕਿਸਾਨਾਂ ਨਾਲ ਨਿਰੰਤਰ ਖੜੀ ਰਹੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਹੀ ਕਰਨਾ ਪਵੇਗਾ ਕਿ ਉਨ੍ਹਾਂ ਦੇ ਹਿੱਤ ਵਿੱਚ ਕੀ ਹੈ ਅਤੇ ਕਿਸ ਹੱਦ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ਉਤੇ ਸਮਝੌਤਾ ਕਰਨ ਜੇਕਰ ਉਹ ਵਾਕਈ ਇਸ ਤਰਾਂ ਚਾਹੁੰਦੇ ਹਨ, ਲਈ ਤਿਆਰ ਹਨ। ਉਨ੍ਹਾਂ ਆਪਣਾ ਪੱਖ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਆਪਣੇ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਅਤੇ ਸੰਕਟ ਦੇ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਦੇ ਹੱਲ ਲਈ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।

news

Leave a Reply

Your email address will not be published. Required fields are marked *