“ਗਾਂਧੀ ਦੇ ਵਾਰਿਸਾਂ ਨੇ ਸਿੱਖਾਂ ਨੂੰ ਨਨਕਾਣਾ ਸਾਹਿਬ ਸਿਜਦਾ ਕਰਨੋਂ ਰੋਕਿਆ”, ਜਾਣੋ ਜੱਥੇਦਾਰ ਨੇ ਕੀ ਕਰਵਾਇਆ ਚੇਤੇ

ਚੰਡੀਗੜ੍ਹ : ਅੱਜ 21 ਫਰਵਰੀ ਨੂੰ ਸ਼ਾਕਾ ਨਨਕਾਣਾ ਸਾਹਿਬ ਦੀ 100 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਪਰ ਇਸ ਸ਼ਤਾਬਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਨਨਕਾਣਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਕੇਂਦਰ ਸਰਕਾਰ ਨੇ ਰੋਕ ਦਿੱਤਾ ਸੀ। ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਜਿਸ ਦਾ ਕਾਫੀ ਵਿਰੋਧ ਵੀ ਹੋਇਆ। ਸਰਕਾਰ ਦੇ ਇਸ ਫੈਸਲੇ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਿਖੇਧੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮਹਾਤਮਾ ਗਾਂਧੀ ਦੀ ਨਨਕਾਣਾ ਸਾਹਿਬ ਫੇਰੀ ਬਾਰੇ ਚੇਤੇ ਕਰਵਾਇਆ ਹੈ।

No photo description available.

ਬੀਤੇ ਦਿਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ ਉੱਤੇ ਇਕ ਕਟਿੰਗ ਸ਼ੇਅਰ ਕੀਤੀ ਹੈ ਜਿਸ ਵਿਚ ਮਹਾਤਮਾ ਗਾਂਧੀ ਦੀ 3 ਮਾਰਚ 1921 ਨੂੰ ਸਾਕੇ ਤੋਂ ਬਾਅਦ ਦੀ ਫੇਰੀ ਦਾ ਜ਼ਿਕਰ ਕੀਤਾ ਹੋਇਆ ਹੈ। ਕਿਤਾਬ ਦੀ ਇਸ ਕਟਿੰਗ ਨੂੰ ਸ਼ੇਅਰ ਕਰਦੇ ਹੋਏ ਜੱਥੇਦਾਰ ਨੇ ਲਿਖਿਆ ਕਿ ”ਮਹਾਤਮਾ ਗਾਂਧੀ ਨਨਕਾਣਾ ਸਾਹਿਬ ਵਿਖੇ 3 ਮਾਰਚ 1921 ਨੂੰ ਪੁਜਿਆ ਤੇ ਸ਼ਹੀਦਾਂ ਨੂੰ ਸਿਜਦਾ ਕੀਤਾ। ਅੱਜ 100 ਸਾਲ ਬਾਅਦ ਉਸ ਗਾਂਧੀ ਦੇ ਵਾਰਿਸਾਂ ਨੇ ਸਿੱਖਾਂ ਨੂੰ ਨਨਕਾਣਾ ਸਾਹਿਬ ਜਾ ਕੇ ਸ਼ਹੀਦਾਂ ਨੂੰ ਸਿੱਜਦਾ ਕਰਨ ਤੋਂ ਰੋਕ ਦਿੱਤਾ”।

ਇਸ ਤੋਂ ਪਹਿਲਾਂ ਵੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਭਾਰਤ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ -ਵਿਦੇਸ਼ਾਂ ਵਿਚ ਬੈਠੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਨਨਕਾਣਾ ਸਾਹਿਬ ਜਾਣ ਉੱਤੇ ਪਾਬੰਦੀ ਲਗਾ ਕੇ ਭਾਰਤ ਸਰਕਾਰ ਨੇ ਇਤਿਹਾਸਕ ਗਲਤੀ ਕੀਤੀ ਹੈ। ਜੱਥੇਦਾਰ ਦਾ ਕਹਿਣਾ ਸੀ ਕਿ ਅਗਲੇ ਮਹੀਨੇ ਮਾਰਚ ਵਿਚ ਹਰਿਦੁਆਰ ਵਿਖੇ ਕੁੰਭ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕਰੋੜਾਂ ਸ਼ਰਧਾਲੂਆਂ ਨੇ ਸ਼ਾਮਿਲ ਹੋਣਾ ਹੈ, ਪਰ ਉਸ ‘ਤੇ ਕੋਰੋਨਾ ਕਾਰਨ ਕੋਈ ਪਾਬੰਦੀ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਸੀ ਕਿ ਅਜੇ ਵੀ ਦੋ ਦਿਨ ਬਚੇ ਹਨ ਅਤੇ ਇਸ ਕਰਕੇ ਭਾਰਤ ਸਰਕਾਰ ਨੂੰ ਸਮੁੱਚੇ ਜਥੇ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸ਼ਤਾਬਦੀ ਇਸ ਤੋਂ ਬਾਅਦ ਅਗਲੇ 100 ਸਾਲਾਂ ਬਾਅਦ ਹੀ ਆਉਣੀ ਹੈ।

news

Leave a Reply

Your email address will not be published. Required fields are marked *