ਦੇਹਰਾਦੂਨ : ਉਤਰਾਖੰਡ ਦੇ ਚਮੋਲੀ ਵਿਚ 7 ਫਰਵਰੀ ਨੂੰ ਗਲੇਸ਼ੀਅਰ ਫੱਟਣ ਕਾਰਨ ਵੱਡੀ ਤਬਾਹੀ ਆਈ ਸੀ। ਇਸ ਤਬਾਹੀ ਵਿਚ ਲਾਪਤਾ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦੀ ਹੀ ਡੈੱਥ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਇਸ ਸੰਬੰਧ ਵਿਚ ਕੇਂਦਰ ਤੋਂ ਮਿਲੇ ਦਿਸ਼ਾ-ਨਿਰਦੇਸ਼ਾਂ ਦੇ ਬਾਅਦ ਉਤਰਾਖੰਡ ਸਰਕਾਰ ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਆਪਦਾ ਵਿਚ 204 ਲੋਕ ਲਾਪਤਾ ਹੋਏ ਸਨ ਜਿਨ੍ਹਾਂ ਵਿਚ 70 ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ, ਜਦਕਿ 134 ਲੋਕਾਂ ਦਾ ਅਜੇ ਵੀ ਕੋਈ ਅਤਾ-ਪਤਾ ਨਹੀਂ ਹੈ।
ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਚਮੋਲੀ ਦੇ ਰਿਸ਼ੀਗੰਗਾ ਅਤੇ ਧੌਲੀਗੰਗਾ ਘਾਟੀ ਦੇ ਨਾਲ ਹੀ ਤਪੋਵਾਨ ਟਨਲ ਅਤੇ ਬੈਰਾਜ ਸਾਈਟ ਉੱਤੇ ਪਿਛਲੇ 16 ਦਿਨਾਂ ਤੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ। ਹੁਣ ਇਨ੍ਹਾਂ ਸਾਰੇ 134 ਲੋਕਾਂ ਨੂੰ ਮ੍ਰਿਤਕ ਐਲਾਨ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਲਾਪਤਾ ਹੋਏ ਲੋਕਾਂ ਨੂੰ ਮ੍ਰਿਤਕ ਐਲਾਨਣ ਲਈ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ । ਇਸ ਤਹਿਤ ਲਾਪਤਾ ਲੋਕਾਂ ਨੂੰ ਜਲਦੀ ਤੋਂ ਜਲਦੀ ਮ੍ਰਿਤਕ ਐਲਾਨਣ ਦਾ ਵਿਚਾਰ ਸੀ ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੇਂ ਉੱਤੇ ਰਾਹਤ ਰਾਸ਼ੀ ਵੰਡੀ ਜਾ ਸਕੇ।
ਲਾਪਤਾ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਮੂਲ ਜ਼ਿਲ੍ਹੇ ਵਿਚ ਰਿਪੋਰਟ ਦਰਜ ਕਰਾਉਣੀ ਪਵੇਗੀ ਅਤੇ ਨਾਲ ਹੀ ਲਾਪਤਾ ਜਾਂ ਮੌਤ ਦਾ ਇਕ ਨੋਟਰੀ ਹਲਫਨਾਮਾ ਵੀ ਦਰਜ ਕਰਨਾ ਹੋਵੇਗਾ। ਜਿੱਥੋਂ ਇਹ ਰਿਪੋਰਟ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਵੇਗੀ। ਠੀਕ ਇਸੇ ਤਰ੍ਹਾਂ ਜੇਕਰ ਹੋਰ ਪ੍ਰਦੇਸ਼ ਦੇ ਲੋਕਾਂ ਜਾਂ ਹੋਰ ਜ਼ਿਲ੍ਹਿਆਂ ਦੇ ਲੋਕਾਂ ਨੇ ਚਮੋਲੀ ਦੇ ਆਪਦਾ ਪ੍ਰਭਾਵਿਤ ਖੇਤਰਾਂ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ ਤਾਂ ਪ੍ਰਭਾਵਿਤ ਖੇਤਰਾ ਵਿਚ ਅਧਿਕਾਰਤ ਅਧਿਕਾਰੀ ਇਸ ਰਿਪੋਰਟ ਨੂੰ ਜਾਂਚ ਲਈ ਸਬੰਧਿਤ ਜ਼ਿਲ੍ਹੇ ਦੇ ਐਸਡੀਐਮ ਨੂੰ ਭੇਜੇਗਾ। ਉੱਥੇ ਜਾਂਚ ਰਿਪੋਰਟ ਮਿਲਣ ਦੇ ਬਾਅਦ ਡੈੱਥ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਕੇਂਦਰੀ ਆਫਤ ਪ੍ਰਬੰਧਨ ਕਾਨੂੰਨ ਦੇ ਤਹਿਤ ਲਾਪਤਾ ਵਿਅਕਤੀ ਨੂੰ ਸੱਤ ਸਾਲਾਂ ਬਾਅਦ ਮ੍ਰਿਤਕ ਐਲਾਨ ਕੀਤੇ ਜਾਣ ਦਾ ਪ੍ਰਬੰਧ ਹੈ ਪਰ ਸੂਬਾ ਸਰਕਾਰ ਦੀ ਬੇਨਤੀ ਉੱਤੇ ਕੇਂਦਰ ਨੇ ਇਸ ਵਿਚ ਢਿੱਲ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ।