ਨਵੀਂ ਦਿੱਲੀ : ਟੂਲਕਿੱਟ ਮਾਮਲੇ ਵਿਚ ਗਿਰਫਤਾਰ ਹੋਈ ਵਾਤਾਵਰਨ ਕਾਰਕੁਨ ਦਿਸ਼ਾ ਰਾਵੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਧਰਮੇਂਦਰ ਰਾਣਾ ਦੀ ਅਦਾਲਤ ਨੇ ਇਕ ਲੱਖ ਦੇ ਨਿੱਜੀ ਬਾਂਡ ਉੱਤੇ ਦਿਸ਼ਾ ਨੂੰ ਜ਼ਮਾਨਤ ਦਿੱਤੀ ਹੈ। ਯਾਦ ਰਹੇ ਕਿ ਸ਼ਨੀਵਾਰ ਨੂੰ ਦਿਸ਼ਾ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਹੋਈ ਸੀ ਅਤੇ (ਅੱਜ) ਮੰਗਲਵਾਰ ਲਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਜਾਣਕਾਰੀ ਮੁਤਾਬਕ ਫਿਲਹਾਲ ਦਿਸ਼ਾ ਨੂੰ ਜੇਲ੍ਹ ਵਿਚ ਰਹਿਣਾ ਹੋਵੇਗਾ। ਕਾਗਜ਼ੀ ਕਾਰਵਾਈ ਦੇ ਬਾਅਦ ਹੀ ਦਿਸ਼ਾ ਅੱਜ ਰਾਤ ਜਾਂ ਕੱਲ੍ਹ ਸਵੇਰੇ ਰਿਹਾਅ ਹੋ ਸਕੇਗੀ। ਉੱਥੇ ਹੀ ਅੱਜ ਮੰਗਲਵਾਰ ਨੂੰ ਦਿੱਲੀ ਪੁਲਿਸ ਦਿਸ਼ਾ ਰਾਵੀ ਨੂੰ ਸਾਈਬਰ ਸੈੱਲ ਦੇ ਦਫਤਰ ਲੈ ਕੇ ਪਹੁੰਚੀ ਜਿੱਥੇ ਉਸ ਨਾਲ ਇਸ ਮਾਮਲੇ ਵਿਚ ਨਾਮਜ਼ਦ ਨਿਕੀਤਾ ਅਤੇ ਸ਼ਾਂਤਨੁ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ। ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਰਵੀ ਦੀ ਇਕ ਦਿਨ ਦੀ ਪੁਲਿਸ ਹਿਰਾਸਤ ਵਧਾ ਦਿੱਤੀ ਸੀ। ਪੁਲਿਸ ਨੇ ਕੋਰਟ ਵਿਚ ਦਲੀਲ ਦਿੱਤੀ ਸੀ ਕਿ ਦਿਸ਼ਾ ਦੇ ਮਾਮਲੇ ਵਿਚ ਹੋਰ ਆਰੋਪੀਆਂ ਨਿਕਿਤਾ ਜੈਕਬ ਅਤੇ ਸ਼ਾਂਤਨੁ ਮੁਲੁਕ ਤੋਂ ਆਹਮਣੇ-ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕਰਨੀ ਹੈ। ਜੈਕਬ ਅਤੇ ਮੁਲੁਕ ਸੋਮਵਾਰ ਨੂੰ ਵੀ ਜਾਂਚ ਵਿਚ ਸ਼ਾਮਲ ਹੋਏ ਸਨ। ਦਵਾਰਕਾ ਦੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੇ ਦਫ਼ਤਰ ਵਿਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ।
ਦੱਸ ਦਈਏ ਕਿ ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਦੁਆਰਾ ਸ਼ੇਅਰ ਕੀਤੇ ਗਏ ਟੂਲਕਿੱਟ ਗੂਗਲ ਦਸਤਾਵੇਜ਼ ਦੀ ਜਾਂਚ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਬੈਂਗਲੁਰੂ ਦੀ ਕਾਰਕੁਨ ਦਿਸ਼ਾ ਰਾਵੀ ਨੂੰ ਗਿਰਫਤਾਰ ਕੀਤਾ ਸੀ ਜਦਕਿ ਜੈਕਬ ਅਤੇ ਮੁਲੁਕ ਨੂੰ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਸੀ।ਪੁਲਿਸ ਨੇ ਇਲਜ਼ਾਮ ਲਗਾਇਆ ਸੀ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਨਾਮ ਉੱਤੇ ਭਾਰਤ ਵਿਚ ਹਿੰਸਾ ਅਤੇ ਅਸ਼ਾਂਤੀ ਫੈਲਾਉਣ ਦੀ ਸਾਜਿਸ਼ ਤਹਿਤ ਇਹ ਟੂਲਕਿੱਟ ਤਿਆਰ ਕੀਤੀ ਗਈ ਸੀ।