ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਕਿਸਾਨਾਂ ਨੂੰ ਤਿੰਨ ਮਹੀਨਿਆਂ ਦਾ ਸਮਾਂ ਹੋ ਗਿਆ ਹੈ। ਠੰਡ ਦਾ ਮੌਸਮ ਲਗਭਗ ਲੰਘ ਗਿਆ ਹੈ ਅਤੇ ਸੂਰਜ ਆਪਣਾ ਸੇਕ ਵਿਖਾਉਣ ਲੱਗਿਆ ਹੈ ਪਰ ਕਿਸਾਨ ਆਪਣੀਆਂ ਮੰਗਾਂ ਉੱਤੇ ਅਡੋਲ ਹਨ। ਧਰਨਾ ਸਥਾਨਾਂ ਉੱਤੇ ਕਿਸਾਨਾਂ ਦੀ ਆਮਦ ਜਾਰੀ ਹੈ। ਉੱਥੇ ਹੀ ਅੱਜ ਦੇਸ਼ ਭਰ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਕਿਸਾਨ ‘ਪੱਗੜੀ ਸੰਭਾਲ’ ਦਿਵਸ ਮਨਾ ਰਹੇ ਹਨ ਜਿਸ ਤਹਿਤ ਕਿਸਾਨਾਂ ਦੁਆਰਾ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਨੂੰ ਸਿਰਾਂ ਉੱਤੇ ਸਜਾਇਆ ਜਾ ਰਿਹਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਪਗੜੀ ਸੰਭਾਲ ਦਿਵਸ ਨੂੰ ਮਨਾਉਣ ਦਾ ਸੱਦਾ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮ ਦਿਨ ਦੇ ਤੌਰ ਉੱਤੇ ਮਨਾਉਣ ਲਈ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਸੀ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਘੇਰਾ ਪਾਈ ਬੈਠੇ ਕਿਸਾਨਾਂ ਦੇ ਇੱਕਠ ਵਿਚ ਪਗੜੀ ਸੰਭਾਲ ਜੱਟਾ ਗੀਤ ਖੂਬ ਗੂੰਜ ਰਿਹਾ ਹੈ। ਮੋਰਚੇ ਮੁਤਾਬਕ ”ਹਫ਼ਤਾਵਾਰ ਝੰਗ ਸਿਆਲ ਦੇ ਐਡੀਟਰ ਬਾਂਕੇ ਦਿਆਲ ਵੱਲੋਂ ਲਿਖਿਆ ਇਹ ਗੀਤ ਬ੍ਰਿਟਿਸ਼ ਰਾਜ ਦੇ 1906 ਦੇ ਖੇਤੀ ਕਾਨੂੰਨਾਂ ਵਿਰੁੱਧ ਉੱਠੀ ਕਿਸਾਨ ਲਹਿਰ ਦਾ ਮੁਖੜਾ ਬਣ ਗਿਆ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਵਿਚ ਚੱਲੀ ਪਗੜੀ ਸੰਭਾਲ ਜੱਟਾ ਲਹਿਰ ਦਾ ਝਲਕਾਰਾ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲਹਿਰ ਵਿਚ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਅਜੀਤ ਸਿੰਘ ਦੇ ਪੋਸਟਰ ਅਤੇ ਬੈਨਰ ਟਰੈਕਟਰ ਉੱਤੇ ਲਗਾ ਕੇ ਅਤੇ ਹਿੱਕਾਂ ਉੱਤੇ ਬੈਚ ਸਜਾ ਕੇ ਸ਼ਾਮਲ ਹੋਏ ਹਨ”
ਇਸ ਤੋਂ ਇਲਾਵਾ ਮੋਰਚੇ ਵੱਲੋਂ ਅੱਜ ਸਵਾਮੀ ਸਹਿਜਾਨੰਦ ਸਰਸਵਤੀ ਨੂੰ ਵੀ ਯਾਦ ਕੀਤਾ ਜਾਵੇਗਾ। ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ 22 ਫਰਵਰੀ 1889 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਪਿੰਡ ਦੇਵਾ (ਨੇੜੇ ਦੱਲ੍ਹਪੁਰ) ਵਿਖੇ ਹੋਇਆ ਸੀ। ਬੁੱਧੀਜੀਵੀ, ਸਮਾਜ ਸੁਧਾਰਕ, ਲੇਖਕ ਤੇ ਉੱਘੇ ਕ੍ਰਾਂਤੀਕਾਰੀ ਸਹਿਜਾਨੰਦ ਸਰਸਵਤੀ ਨੇ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਸੀ।