ਮਹਿਰਾਜ ਵਿਚ ਲੱਖਾ ਸਿਧਾਣਾ ਨੇ ਰਾਜੇਵਾਲ ਤੋਂ ਲੈ ਕੇ ਸੀਐਮ ਕੈਪਟਨ ਤੱਕ ਬਾਰੇ ਆਖੀਆਂ ਵੱਡੀਆਂ ਗੱਲਾਂ, ਦਿੱਲੀ ਪੁਲਿਸ ਲਈ ਬਣਿਆ ਵੱਕਾਰ ਦਾ ਸਵਾਲ !

ਚੰਡੀਗੜ੍ਹ : ਦਿੱਲੀ ਪੁਲਿਸ ਲਈ ਲੱਖਾ ਸਿਧਾਣਾ ਵੱਡੀ ਚੁਣੌਤੀ ਬਣ ਗਿਆ ਹੈ। ਇਹ ਚੁਣੌਤੀ ਹੁਣ ਪਹਿਲਾਂ ਨਾਲੋਂ ਵੀ ਵੱਡੀ ਹੋ ਗਈ ਹੈ ਕਿਉਂਕਿ ਲਾਲ ਕਿਲ੍ਹਾ ਹਿੰਸਾ ਵਿਚ ਆਰੋਪੀ ਲੱਖਾ ਸਿਧਾਣਾ ਨੇ ਬਠਿੰਡਾ ਦੇ ਮਹਿਰਾਜ ਵਿਚ ਖੁੱਲ੍ਹੇਆਮ ਰੈਲੀ ਕੀਤੀ ਹੈ ਅਤੇ ਹਜ਼ਾਰਾਂ ਦੇ ਇੱਕਠ ਨੂੰ ਸੰਬੋਧਨ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਇਕ ਲੱਖ ਰੁਪਏ ਦੇ ਇਨਾਮੀ ਆਰੋਪੀ ਲੱਖਾ ਸਿਧਾਣਾ ਨੇ ਇਹ ਰੈਲੀ ਕੋਈ ਚੋਰੀ ਛਿਪੇ ਨਹੀਂ ਬਲਕਿ ਪਹਿਲਾਂ ਤੋਂ ਕੀਤੇ ਐਲਾਨ ਪ੍ਰੋਗਰਾਮ ਮੁਤਾਬਕ ਕੀਤੀ ਹੈ। ਇਸ ਲਈ ਵੱਡਾ ਜਨ ਸਮਰਥਨ ਵੀ ਜੁਟਾਇਆ ਗਿਆ। ਇਸੇ ਦਾ ਨਤੀਜਾ ਸੀ ਕਿ ਰੈਲੀ ਵਿਚ ਨੌਜਾਵਾਨਾਂ ਦੇ ਨਾਲ ਬਜ਼ੁਰਗਾ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਹੈ।

ਇਸ ਦੌਰਾਨ ਆਪਣੇ ਸੰਬੋਧਨ ਵਿਚ ਲੱਖਾ ਸਿਧਾਣਾ ਨੇ ਕਿਹਾ ਕਿ ਇਹ ਰੈਲੀ ਕਰਨ ਦਾ ਮਕਸਦ ਕੋਈ ਵੱਖਰਾ ਏਜੰਡਾ ਚਲਾਉਣਾ ਨਹੀਂ ਹੈ ਬਲਕਿ ਅਸੀ ਦਿੱਲੀ ਮੋਰਚੇ ਦੇ ਹੱਕ ਵਿਚ ਇੱਕਠ ਕੀਤਾ ਹੈ। ਲੱਖਾ ਸਿਧਾਣਾ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਲੈ ਕੇ ਕਿਹਾ ਕਿ ”ਜਦੋਂ ਉਨ੍ਹਾਂ ਨੂੰ ਦੀਪ ਸਿੱਧੂ ਅਤੇ ਮੇਰੇ ਬਾਰੇ ਪਏ ਕੇਸਾਂ ਉੱਤੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਪਹਿਲਾਂ ਉਹ ਇਹ ਗੱਲ ਸਰਕਾਰ ਹਵਾਲੇ ਛੱਡਦੇ ਸਨ ਅਤੇ ਹੁਣ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਮਨ੍ਹਾਂ ਕਰ ਦਿੰਦੇ ਹਨ। ਮੈਂ ਤੁਹਾਨੂੰ(ਬਲਬੀਰ ਰਾਜੇਵਾਲ) ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਆਗੂਆਂ ਉੱਤੇ ਵੀ ਪਰਚੇ ਹਨ ਅਤੇ ਜੇਕਰ ਤੁਹਾਨੂੰ ਦਿੱਲੀ ਮੋਰਚੇ ਵਿਚ ਪੁਲਿਸ ਗਿਰਫਤਾਰ ਕਰਨ ਆਵੇਗੀ ਤਾਂ ਅਸੀ ਉਸ ਦਾ ਡੱਟ ਕੇ ਵਿਰੋਧ ਕਰਾਂਗੇ”।

ਲੱਖੇ ਨੇ ਅੱਗੇ ਕਿਹਾ ਕਿ ”ਸਰਕਾਰ ਨੌਜਵਾਨਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਲਈ ਫੋਟੋਆਂ ਜਾਰੀ ਕਰ ਗਿਰਫਤਾਰੀਆਂ ਕਰ ਰਹੀ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਦਿੱਲੀ ਪੁਲਿਸ ਪਿੰਡਾਂ ਵਿਚ ਕਿਸੇ ਵੀ ਨੌਜਵਾਨ ਨੂੰ ਫੜ੍ਹਨ ਆਉਂਦੀ ਹੈ ਤਾਂ ਉਸ ਨੂੰ ਘੇਰ ਕੇ ਉੱਥੇ ਹੀ ਬੈਠਾਓ”। ਲੱਖੇ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਿੱਲੀ ਪੁਲਿਸ ਦਾ ਕਿਸੇ ਵੀ ਨੌਜਵਾਨ ਜਾਂ ਕਿਸਾਨ ਆਗੂ ਨੂੰ ਗਿਰਫਤਾਰ ਕਰਨ ਲਈ ਸਹਿਯੋਗ ਦਿੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇਗਾ। ਉਨ੍ਹਾਂ ਅੱਗੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਦਿੱਲੀ ਧਰਨੇ ਲਈ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾਵੇ ਤਾਂ ਜੋ ਕਿਸਾਨ, ਮਜ਼ਦੂਰ ਤੇ ਨੌਜਵਾਨ ਵੱਡੀ ਗਿਣਤੀ ਵਿਚ ਦਿੱਲੀ ਪਹੁੰਚਣ।

ਦੱਸ ਦਈਏ ਕਿ ਇਹ ਰੈਲੀ 26 ਜਨਵਰੀ ਦੀ ਹਿੰਸਾ ਵਿਚ ਗਿਰਫਤਾਰ ਕੀਤੇ ਗਏ ਨੌਜਵਾਨਾਂ ਅਤੇ ਦਰਜ ਕੀਤੇ ਗਏ ਮੁੱਕਦਮਿਆਂ ਦੇ ਵਿਰੋਧ ਵਿਚ ਰੱਖੀ ਗਈ ਸੀ। ਰੈਲੀ ਤੋਂ ਪਹਿਲਾਂ ਸੱਭ ਦੀਆਂ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਸਨ ਕਿ ਲੱਖਾ ਸਿਧਾਣਾ ਇਸ ਰੈਲੀ ਵਿਚ ਸ਼ਾਮਲ ਹੋਵੇਗਾ ਜਾਂ ਨਹੀਂ। ਲੋਕਾਂ ਦਾ ਜ਼ਹਿਨ ਵਿਚ ਇਹ ਸਵਾਲ ਵੀ ਚੱਲ ਰਿਹਾ ਸੀ ਕਿ ਜੇਕਰ ਲੱਖਾ ਰੈਲੀ ਵਿਚ ਸ਼ਾਮਲ ਹੋਵੇਗਾ ਤਾਂ ਦਿੱਲੀ ਪੁਲਿਸ ਉਸ ਨੂੰ ਗਿਰਫਤਾਰ ਕਰੇਗੀ ਜਾਂ ਫਿਰ ਨਹੀਂ ਹੁਣ ਦੋਵਾਂ ਸਵਾਲਾਂ ਦਾ ਜਵਾਬ ਮਿਲ ਗਿਆ ਹੈ। ਲੱਖਾ ਰੈਲੀ ਵਿਚ ਸ਼ਾਮਲ ਹੋਇਆ ਤੇ ਆਪਣਾ ਸੰਬੋਧਨ ਦਿੱਤਾ ਅਤੇ ਦਿੱਲੀ ਪੁਲਿਸ ਉਸ ਨੂੰ ਗਿਰਫਤਾਰ ਕਰਨ ਲਈ ਉੱਥੇ ਨਹੀਂ ਆਈ।ਹੁਣ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ।

news

Leave a Reply

Your email address will not be published. Required fields are marked *