ਦਿੱਲੀ ਪੁਲਿਸ ਨੂੰ ਚੁਣੌਤੀ ਦੇ ਕੇ ਬਠਿੰਡਾ ਰੈਲੀ ਵਿਚ ਪਹੁੰਚਿਆ ਲੱਖਾ ਸਿਧਾਣਾ

ਚੰਡੀਗੜ੍ਹ : ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਲੱਖਾ ਸਿਧਾਣਾ ਦੁਆਰਾ ਅੱਜ ਬਠਿੰਡਾ ਦੇ ਮਹਿਰਾਜ ਵਿਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਬਹੁਤ ਵੱਡੀ ਗਿਣਤੀ ‘ਚ ਲੋਕਾਂ ਦਾ ਇੱਕਠ ਜੁੱਟਿਆ ਹੋਇਆ ਹੈ। ਹੁਣ ਰੈਲੀ ਵਿਚ ਖੁਦ ਲੱਖਾ ਸਿਧਾਣਾ ਵੀ ਪਹੁੰਚ ਗਿਆ ਹੈ। ਵੱਡੀ ਗੱਲ ਇਹ ਹੈ ਕਿ ਦਿੱਲੀ ਪੁਲਿਸ ਲਗਾਤਾਰ ਲੱਖਾ ਸਿਧਾਣਾ ਦੇ ਪਿੱਛੇ ਪਈ ਹੋਈ ਹੈ ਪਰ ਫਿਰ ਵੀ ਉਹ ਪੁਲਿਸ ਨੂੰ ਚਕਮਾ ਦੇ ਕੇ ਇਸ ਰੈਲੀ ਵਿਚ ਸ਼ਾਮਲ ਹੋਇਆ ਹੈ।

ਦਿੱਲੀ ਪੁਲਿਸ ਲਈ ਲੱਖਾ ਸਿਧਾਣਾ ਇਸ ਵੇਲੇ ਵਾਂਟੇਡ ਬਣਿਆ ਹੋਇਆ ਹੈ। ਉਸ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ। ਹਾਲਾਂਕਿ ਜਿਸ ਹਿਸਾਬ ਨਾਲ ਇਸ ਰੈਲੀ ਵਿਚ ਵੱਡਾ ਇੱਕਠ ਨਜ਼ਰ ਆ ਰਿਹਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਜੇਕਰ ਦਿੱਲੀ ਪੁਲਿਸ ਇੱਥੇ ਪਹੁੰਚਦੀ ਵੀ ਹੈ ਤਾਂ ਵੀ ਉਸ ਦੁਆਰਾ ਲੱਖਾ ਸਿਧਾਣਾ ਨੂੰ ਗਿਰਫਤਾਰ ਕਰਨਾ ਬਹੁਤ ਹੀ ਮੁਸ਼ਕਿਲ ਹੈ।

ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਆਈਜੀ ਜਸਕਰਨ ਸਿੰਘ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਰੈਲੀ ਵਿੱਚ ਲੱਖਾ ਸਿਧਾਣਾ ਪਹੁੰਚਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਨਾ ਦਿੱਲੀ ਪੁਲਿਸ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਵਿੱਚ ਬਠਿੰਡਾ ਪੁਲਿਸ ਦੀ ਕੋਈ ਖ਼ਾਸ ਭੂਮਿਕਾ ਨਹੀਂ ਹੈ।

ਇਹ ਰੈਲੀ 26 ਜਨਵਰੀ ਦੀ ਹਿੰਸਾ ਵਿਚ ਗਿਰਫਤਾਰ ਕੀਤੇ ਗਏ ਨੌਜਵਾਨਾਂ ਅਤੇ ਦਰਜ ਕੀਤੇ ਗਏ ਮੁੱਕਦਮਿਆਂ ਦੇ ਵਿਰੋਧ ਵਿਚ ਰੱਖੀ ਗਈ ਹੈ। 19 ਫਰਵਰੀ ਨੂੰ ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਖੁੱਲ੍ਹੀ ਚਣੌਤੀ ਦਿੰਦਿਆ ਫੇਸਬੁੱਕ ਉੱਤ ਵੀਡੀਓ ਪਾ ਕੇ 23 ਫਰਵਰੀ (ਅੱਜ) ਬਠਿੰਡਾ ਵਿਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਪੁਲਿਸ ਉਸ ਨੂੰ ਗਿਰਫਤਾਰ ਕਰਕੇ ਦਿਖਾਵੇ। ਅੱਜ ਇਸ ਰੈਲੀ ਵਿਚ ਲੱਖਾ ਸਿਧਾਣਾ ਦੇ ਸਮੱਰਥਕ ਭਾਰੀ ਸੰਖਿਆਂ ਵਿਚ ਪਹੁੰਚੇ ਹੋਏ ਹਨ। ਮਹਿਰਾਜ ਦੀ ਜਿਸ ਮੰਡੀ ਵਿਚ ਰੈਲੀ ਰੱਖੀ ਗਈ ਹੈ ਉਸ ਵਿਚ ਲਗਭਗ 40 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇਹ ਪੂਰੀ ਮੰਡੀ ਵਿਚ ਠਾਠਾ ਮਾਰਦਾ ਇੱਕਠ ਨਜ਼ਰ ਆ ਰਿਹਾ ਹੈ।

news

Leave a Reply

Your email address will not be published. Required fields are marked *