ਚੰਡੀਗੜ੍ਹ : ਕਿਸਾਨੀਂ ਅੰਦੋਲਨ ਵਿਚ ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਲੱਖਾ ਸਿਧਾਣਾ ਵੱਲੋਂ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਰਾਹੀਂ ਲੱਖਾ ਸਿਧਾਣਾ ਆਪਣਾ ਸ਼ਕਤੀ ਪ੍ਰਦਰਸ਼ਨ ਵਿਖਾਉਣ ਦੀ ਕੋਸ਼ਿਸ਼ ਕਰੇਗਾ। ਲੱਖਾ ਸਿਧਾਣਾ ਨੇ ਰੈਲੀ ਵਿਚ ਨੌਜਵਾਨਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਲੱਖੇ ਦੇ ਹੱਕ ਵਿਚ ਹਲਚਲ ਵੀ ਵੱਧ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਰੈਲੀ ਵਿਚ ਵੱਡੀ ਗਿਣਤੀ ‘ਚ ਨੌਜਵਾਨ ਸ਼ਮੂਲੀਅਤ ਕਰਨਗੇ।
ਓਧਰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਲੱਖਾ ਸਿਧਾਣਾ ਪਿੱਛੇ ਦਿੱਲੀ ਪੁਲਿਸ ਵੀ ਲਗਾਤਾਰ ਪਈ ਹੋਈ ਹੈ। ਪੰਜਾਬ ਅਤੇ ਹਰਿਆਣਾ ਵਿਚ ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਪਰ ਲੱਖਾ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ ਉੱਲਟਾ ਲੱਖੇ ਨੇ ਹੀ ਦਿੱਲੀ ਪੁਲਿਸ ਨੂੰ ਖੁੱਲ੍ਹੀ ਚਣੌਤੀ ਦਿੰਦਿਆ 19 ਫਰਵਰੀ ਨੂੰ ਫੇਸਬੁੱਕ ਉੱਤ ਵੀਡੀਓ ਪਾ ਕੇ 23 ਫਰਵਰੀ (ਅੱਜ) ਬਠਿੰਡਾ ਵਿਚ ਵੱਡਾ ਇੱਕਠ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਪੁਲਿਸ ਉਸ ਨੂੰ ਗਿਰਫਤਾਰ ਕਰਕੇ ਦਿਖਾਵੇ।
ਅਜਿਹੇ ਵਿਚ ਹੁਣ ਸਵਾਲ ਉੱਠਦਾ ਹੈ ਕਿ ਅੱਜ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਗਿਰਫਤਾਰ ਕਰ ਪਾਵੇਗੀ ਜਾਂ ਫਿਰ ਨਹੀਂ ? ਓਧਰ ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਆਈਜੀ ਜਸਕਰਨ ਸਿੰਘ ਨੇ ਕਿਹਾ ਹੈ ਕਿ ਜੇ ਰੈਲੀ ਵਿੱਚ ਲੱਖਾ ਸਿਧਾਣਾ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਦਿੱਲੀ ਪੁਲਿਸ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਬਠਿੰਡਾ ਪੁਲਿਸ ਦੀ ਕੋਈ ਖ਼ਾਸ ਭੂਮਿਕਾ ਨਹੀਂ ਹੈ। ਯਾਦ ਰਹੇ ਕਿ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਉੱਤੇ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਹੈ। ਇਸ ਤੋਂ ਪਹਿਲਾਂ ਲੱਖੇ ਦੇ ਗਿਰਫਤਾਰ ਹੋਣ ਦੀ ਖਬਰਾਂ ਵੀ ਸਾਹਮਣੇ ਆਈਆਂ ਸਨ ਜੋ ਬਾਅਦ ਵਿਚ ਗਲਤ ਸਾਬਤ ਹੋਈਆਂ। ਖੈਰ ਸੱਭ ਦੀਆਂ ਨਜ਼ਰਾਂ ਅੱਜ ਦੀ ਲੱਖਾ ਸਿਧਾਣਾ ਦੀ ਰੈਲੀ ਅਤੇ ਦਿੱਲੀ ਪੁਲਿਸ ਉੱਤੇ ਟਿਕੀਆਂ ਹੋਈਆਂ ਹਨ।