ਨਵੀਂ ਦਿੱਲੀ : ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਬੀਤੀ ਰਾਤ ਜੰਮੂ ਤੋਂ ਮੋਹਿੰਦਰ ਸਿੰਘ ਖਾਲਸਾ ਨੂੰ ਗਿਰਫਤਾਰ ਕੀਤਾ ਗਿਆ ਸੀ ਜਿਸ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਲਾਲ ਕਿਲ੍ਹਾ ਹਿੰਸਾ ਵਿਚ ਮੋਹਿੰਦਰ ਸਿੰਘ ਖਾਲਸਾ ਦਾ ਕੋਈ ਰੋਲ ਨਹੀਂ ਹੈ ਅਤੇ ਉਨ੍ਹਾਂ ਦੀ ਰਿਹਾਈ ਲਈ ਪੂਰੀ ਕਾਨੂੰਨੀ ਲੜਾਈ ਡੀਐਸਜੀਐਮਸੀ ਦੁਆਰਾ ਲੜੀ ਜਾਵੇਗੀ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ”ਭਾਈ ਮੋਹਿੰਦਰ ਸਿੰਘ ਖਾਲਸਾ ਜੋ ਕਿ ਇਕ ਪ੍ਰਸਿੱਧ ਕੀਰਤਨੀਏ ਹਨ ਅਤੇ ਕਿਸਾਨੀ ਘੋਲ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਬੀਤੀ ਰਾਤ ਉਨ੍ਹਾਂ ਨੂੰ ਜੰਮੂ ਦੇ ਐਸਪੀ ਨੇ ਬੁਲਾਇਆ ਅਤੇ ਬਾਅਦ ਵਿਚ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਉਨ੍ਹਾਂ ਨੂੰ ਗਿਰਫਤਾਰ ਕਰਕੇ ਲੈ ਗਈ”। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਭਾਈ ਮੋਹਿੰਦਰ ਸਿੰਘ ਖਾਲਸਾ 26 ਜਨਵਰੀ ਨੂੰ ਕਿਸਾਨੀ ਮਾਰਚ ਦਾ ਹਿੱਸਾ ਬਣਨ ਲਈ ਦਿੱਲੀ ਆਏ ਸਨ ਅਤੇ ਮਾਰਚ ਵਿਚ ਸੱਭ ਤੋਂ ਪਿੱਛੇ ਸਨ।
ਸਿਰਸਾ ਮੁਤਾਬਕ ਮੋਹਿੰਦਰ ਸਿੰਘ ਮਾਰਚ ਦੇ ਪਿੱਛੇ-ਪਿੱਛੇ ਚੱਲ ਰਹੇ ਸਨ। ਇਹ ਮਾਰਚ ਸ਼ਾਮ ਨੂੰ ਲਾਲ ਕਿਲ੍ਹਾ ਦੇ ਅੱਗਿਓ ਰੋਡ ਤੋਂ ਨਿਕਲਿਆ ਤੇ ਮੋਹਿੰਦਰ ਸਿੰਘ ਦੀ ਗੱਡੀ ਵੀ ਉੱਥੋ ਨਿਕਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਹੋਰ ਰੋਲ ਨਹੀਂ ਹੈ ਜਦਕਿ ਪੁਲਿਸ ਬਿਆਨ ਦੇ ਰਹੀ ਹੈ ਕਿ ਉਨ੍ਹਾਂ ਨੇ ਹਿੰਸਾ ਲਈ ਉਕਸਾਇਆ ਸੀ ਜੋ ਕਿ ਬਹੁਤ ਮੰਦਭਾਗਾ ਹੈ।
ਮਨਜਿੰਦਰ ਸਿਰਸਾ ਨੇ ਅੱਗੇ ਜੋਰ ਦੇ ਕੇ ਕਿਹਾ ਕਿ ਡੀਐਸਜੀਐਮਸੀ ਦੀ ਟੀਮ ਉਨ੍ਹਾਂ ਦੀ ਚਿੰਤਾ ਕਰ ਰਹੀ ਹੈ ਅਤੇ ਸਾਡੀ ਟੀਮ ਉਨ੍ਹਾਂ ਨੂੰ ਮਿਲਣ ਜਾਵੇਗੀ। ਸਿਰਸਾ ਨੇ ਕਿਹਾ ਕਿ ਅਸੀ ਉਨ੍ਹਾਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦਾ ਦਾਅਵਾ ਹੈ ਕਿ ਜੰਮੂ ਦੇ ਰਹਿਣ ਵਾਲੇ ਮੋਹਿੰਦਰ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਚ ਅਹਿਮ ਭੂਮਿਕਾ ਨਿਭਾਈ ਸੀ। ਪੁਲਿਸ ਨੇ ਦੱਸਿਆ ਕਿ ਦੋਵੇਂ ਆਰੋਪੀ ਜੰਮੂ ਦੇ ਰਹਿਣ ਵਾਲੇ ਹਨ।