ਚੀਨੀ ਮਾਲ ਦਾ ‘ਬਾਇਕਾਟ’ ਰਿਹਾ ਬੇਅਸਰ ! ਡ੍ਰੈਗਨ ਫਿਰ ਬਣਿਆ ਭਾਰਤ ਦਾ ਨੰਬਰ ਇੱਕ ਟ੍ਰੇਡ ਪਾਰਟਨਰ

ਨਵੀਂ ਦਿੱਲੀ : ਪਿਛਲੇ ਸਾਲ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਵਧੇ ਤਣਾਅ ਤੋਂ ਬਾਅਦ ਭਾਰਤ ਵਿਚ ਚੀਨ ਵਿਰੁੱਧ ਮਾਹੌਲ ਬਣਨ ਅਤੇ ਚੀਨੀ ਮਾਲ ਦੇ ਬਾਈਕਾਟ ਵਰਗੇ ਅਭਿਆਨਾਂ ਨੂੰ ਵੇਖ ਕੇ ਜਾਪਦਾ ਸੀ ਕਿ ਹੁਣ ਦੇਸ਼ ਦੀ ਜਨਤਾ ਚੀਨ ਨੂੰ ਵਪਾਰਕ ਤੌਰ ਉੱਤੇ ਝਟਕਾ ਦੇਣ ਲਈ ਉਸ ਦੇ ਸਮਾਨ ਨੂੰ ਨਹੀਂ ਖਰੀਦੇਗੀ ਪਰ ਇਨ੍ਹਾਂ ਅਭਿਆਨਾਂ ਦਾ ਜ਼ਮੀਨੀ ਪੱਧਰ ਉੱਤੇ ਕੋਈ ਖਾਸ ਅਸਰ ਨਹੀਂ ਹੋਇਆ ਹੈ। ਇਹ ਅਭਿਆਨ ਕੇਵਲ ਸੋਸ਼ਲ ਮੀਡੀਆ ਤੱਕ ਹੀ ਸੀਮਤ ਰਹਿ ਗਏ ਹਨ। ਸਾਲ 2020 ਵਿਚ ਚੀਨ ਇਕ ਵਾਰ ਫਿਰ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣ ਗਿਆ ਹੈ।

ਇਸ ਤੋਂ ਪਹਿਲਾਂ ਯਾਨੀ ਸਾਲ 2019 ਵਿਚ ਭਾਰਤ ਦਾ ਸੱਭ ਤੋਂ ਵੱਡਾ ਕਾਰੋਬਾਰੀ ਸਾਂਝੇਦਾਰ ਅਮਰੀਕਾ ਹੋ ਗਿਆ ਸੀ ਅਤੇ ਚੀਨ ਦੂਜੇ ਨੰਬਰ ਉੱਤੇ ਸੀ। ਹਾਲਾਂਕਿ ਉਸ ਦੇ ਪਹਿਲਾਂ ਲਗਾਤਾਰ ਕਈਂ ਸਾਲ ਭਾਰਤ ਦਾ ਸੱਭ ਤੋਂ ਵੱਡਾ ਟ੍ਰੇਡ ਪਾਰਟਨਰ ਚੀਨ ਹੀ ਰਿਹਾ ਹੈ। ਬਲਮਰਗ ਦੀ ਇਕ ਰਿਪੋਰਟ ਮੁਤਾਬਕ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਾਲ 77.7 ਅਰਬ ਅਮਰੀਕੀ ਡਾਲਰ (ਕਰੀਬ 5.62 ਲੱਖ ਕਰੋੜ ਰੁਪਏ) ਦਾ ਵਪਾਰ ਹੋਇਆ ਹੈ। ਵਣਜ ਮੰਤਾਰਲੇ ਦੁਆਰਾ ਜਾਰੀ ਪ੍ਰੋਵੀਜ਼ਿਨਲ ਡਾਟਾ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਇਹ 2019 ਦੇ 85.5 ਅਰਬ ਡਾਲਰ ਦੇ ਮੁਕਾਬਲੇ ਘੱਟ ਹੈ ਪਰ ਬਾਵਜੂਦ ਇਸ ਦੇ ਚੀਨ ਨੇ ਭਾਰਤ ਦੇ ਸੱਭ ਤੋਂ ਵੱਡੇ ਸਾਂਝੇਦਾਰ ਦੇ ਰੂਪ ਵਿਚ ਅਮਰੀਕਾ ਨੂੰ ਪਛਾੜ ਕੇ ਪਹਿਲੇ ਨੰਬਰ ਦਾ ਤਮਗਾ ਹਾਸਲ ਕਰ ਲਿਆ ਹੈ।

ਸਾਲ 2020 ਵਿਚ ਭਾਰਤ ਅਤੇ ਅਮਰੀਕਾ ਵਿਚਾਲੇ 75.9 ਅਰਬ ਡਾਲਰ (ਕਰੀਬ 5.48 ਲੱਖ ਕਰੋੜ ਰੁਪਏ) ਦਾ ਦੁਵੱਲਾ ਵਪਾਰ ਹੋਇਆ ਹੈ। ਅਸਲ ਵਿਚ ਕੋਰੋਨਾ ਸੰਕਟ ਦੀ ਵਜ੍ਹਾਂ ਨਾਲ ਜ਼ਿਆਦਾਤਰ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਵਪਾਰ ਵਿਚ ਕਮੀ ਆਈ ਹੈ। ਦੱਸ ਦਈਏ ਕਿ 15 ਜੂਨ 2020 ਨੂੰ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਦੇਸ਼ ਵਿਚ ਚੀਨ ਖਿਲਾਫ ਜ਼ਬਰਦਸਤ ਮਾਹੌਲ ਬਣ ਗਿਆ ਸੀ। ਜਨਤਾ ਵਿਚਾਲੇ ਚੀਨੀ ਮਾਲ ਦੇ ਬਾਇਕਾਟ ਦਾ ਅਭਿਆਨ ਤਾਂ ਚੱਲਿਆ ਹੀ ਖੁਦ ਸਰਕਾਰ ਨੇ ਵੀ ਚੀਨੀ ਕੰਪਨੀਆਂ ਵਿਰੁੱਧ ਸਖਤ ਕਦਮ ਚੁੱਕਦੇ ਹੋਏ ਸੈਂਕੜੇ ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ।

news

Leave a Reply

Your email address will not be published. Required fields are marked *