ਚੰਡੀਗੜ੍ਹ : ਪੰਜਾਬ ਮਿਊਜ਼ਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਦੂਲ ਸਿੰਕਦਰ ਦਾ ਅੱਜ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਮੁਹਾਲੀ ਦੇ ਫੌਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਅੱਜ ਉਹ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵੀਦਾ ਕਹਿ ਗਏ ਹਨ।
ਸੁਰਾਂ ਦੇ ਬਾਦਸ਼ਾਹ ਅਤੇ ਮਸ਼ਹੂਰ ਪੰਜਾਬੀ ਗਵੱਈਆ ਸਰਦੂਲ ਸਿਕੰਦਰ ਨੇ 60 ਸਾਲ ਦੀ ਉਮਰ ਵਿਚ ਆਪਣੀ ਜ਼ਿੰਦਗੀ ਦੇ ਆਖਰੀ ਸਾਂਹ ਲਏ ਹਨ। ਉਨ੍ਹਾਂ ਨੂੰ ਦਸੰਬਰ ਵਿਚ ਕੋਰੋਨਾ ਵੀ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਂਹ ਲੈਣ ਵਿਚ ਦਿੱਕਤ ਆਉਣ ਲੱਗੀ ਅਤੇ ਉਹ ਫੰਗਲ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਏ। ਪਿਛਲੇ ਡੇਢ ਮਹੀਨੇ ਤੋਂ ਉਹ ਹਸਪਤਾਲ ਵਿਚ ਦਾਖਲ ਸਨ।
ਸਰਦੂਲ ਦਸੰਬਰ ਮਹੀਨੇ ਦੇ ਦੂਜੇ ਹਫ਼ਤੇ ਵਿਚ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਵਿਚ ਵੀ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਸਿੰਗਰ ਅਮਰ ਨੂਰੀ ਵੀ ਮੌਜੂਦ ਸੀ। ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇਰੀ ਨੌਧ ਸਿੰਘ ਵਿਚ ਹੋਇਆ ਸੀ। ਸਰਦੂਲ ਨੇ ਸਾਲ 1980 ਵਿਚ ਟੀਵੀ ਤੇ ਰੇਡਿਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਉਨ੍ਹਾਂ ਨੇ ਕਈਂ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਜਿਨ੍ਹਾਂ ਵਿਚ ਇਕ ਮਸ਼ਹੂਰ ਫਿਲਮ ਜੱਗਾ ਡਾਕੂ ਸ਼ਾਮਲ ਹੈ। ਸਰਦੂਲ ਦੇ ਦੋ ਬੇਟੇ ਹਨ। ਉਨ੍ਹਾਂ ਦੀ ਮੌਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਵੀ ਵੱਡੀ ਝਟਕਾ ਹੈ।