ਚੰਡੀਗੜ੍ਹ : ਸੁਰਾਂ ਦੇ ਸਰਤਾਜ ਅਤੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਅੱਜ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਸਰਦੂਲ ਸਿਕੰਦਰ ਦੀ ਮੌਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਵੀ ਇਹ ਇੱਕ ਵੱਡਾ ਝਟਕਾ ਹੈ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਆਪਣੇ ਸੁਰੀਲੇ ਸੁਰਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ।
ਦਸੰਬਰ ਦੇ ਵਿਚ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਂਹ ਲੈਣ ਵਿਚ ਦਿੱਕਤ ਆਉਣ ਲੱਗੀ ਅਤੇ ਉਹ ਫੰਗਲ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਏ। ਪਿਛਲੇ ਡੇਢ ਮਹੀਨੇ ਤੋਂ ਸਰਦੂਲ ਸਿਕੰਦਰ ਦਾ ਮੁਹਾਲੀ ਦੇ ਫੌਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ 60 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਅੱਜ ਆਪਣੀ ਜ਼ਿੰਦਗੀ ਦੇ ਆਖਰੀ ਸਾਂਹ ਲਏ ਹਨ। ਉਨ੍ਹਾਂ ਦੇ ਦੇਹਾਂਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈਕੇ ਕਈਂ ਰਾਜਨੀਤਿਕ ਹਸਤੀਆਂ ਅਤੇ ਪੰਜਾਬੀ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਹੈ।
ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਸੀ, ਜੋ 1980 ਵਿੱਚ ਕਾਫ਼ੀ ਮਕਬੂਲ ਹੋਈ ਤੇ ਇਸ ਐਲਬਮ ਨੇ ਉਨ੍ਹਾਂ ਦੀ ਕਿਸਮਤ ਖੋਲ੍ਹ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਐਲਬਮਾਂ ਆਈਆਂ। ਉਨ੍ਹਾਂ ਦਾ ਨਾਮ ਘਰ-ਘਰ ਵਿਚ ਗੂੰਜਣ ਲੱਗਿਆ। ਸਰਦੂਲ ਸਿਕੰਦਰ ਪਟਿਆਲਾ ਸੰਗੀਤ ਘਰਾਨੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦਾ ਅਮਰ ਨੂਰੀ ਨਾਲ ਪ੍ਰੇਮ ਵਿਆਹ ਹੋਇਆ ਸੀ।
ਦੋਵਾਂ ਦੀ ਮੁਲਾਕਾਤ ਵਿਆਹ ਵਿਚ ਇਕ ਅਖਾੜੇ ਦੌਰਾਨ ਹੋਈ ਜਿਸ ਤੋਂ ਬਾਅਦ ਦੋਵੇਂ ਇੱਕਠੇ ਅਖਾੜੇ ਲਗਾਉਣ ਲੱਗੇ। ਅਖਾੜਿਆਂ ਵਿਚ ਗੀਤ ਗਾਉਂਦੀ ਇਹ ਗੀਤਕਾਰ ਜੋੜੀ ਅਸਲ ਜ਼ਿੰਦਗੀ ‘ਚ ਹੀ ਇਕ-ਦੂਜੇ ਲਈ ਜੋੜੀ ਬਣ ਗਈ। ਹਾਲਾਂਕਿ ਅਮਰ ਨੂਰੀ ਦਾ ਪਰਿਵਾਰ ਇਸ ਵਿਆਹ ਦੇ ਖਿਲਾਫ ਸੀ ਪਰ ਉਨ੍ਹਾਂ ਦੀ ਜਿੱਦ ਅੱਗੇ ਪਰਿਵਾਰ ਨੂੰ ਵੀ ਝੂਕਣਾ ਪਿਆ।
ਦੋਵਾਂ ਦੀ ਜੋੜੀ ਸੰਗੀਤ ਜਗਤ ਵਿਚ ਇਸ ਕਦਰ ਮਸ਼ਹੂਰ ਹੋਈ ਕਿ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਉਨ੍ਹਾਂ ਦੇ ਅਖਾੜਿਆਂ ਵਿਚ ਲੋਕਾਂ ਦਾ ਹਜ਼ੂਮ ਜੁੱਟਣ ਲੱਗਿਆ। ਸਰਦੂਲ ਅਤੇ ਅਮਰ ਦੀ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟੀ ਨੂੰ ਕਈਂ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਵਿਚ ‘ਮੇਰਾ ਦਿਓਰ’, ‘ਕੋਣ ਹੱਸਦੀ’, ‘ਰੋਡ ਦੇ ਉੱਤੇ’ ਅਤੇ ‘ਇਕ ਤੂੰ ਹੋਵੇ ਇਕ ਮੈਂ ਹੋਵਾਂ’ ਵਰਗੇ ਗੀਤ ਸ਼ਾਮਲ ਹਨ। ਦੋਵਾਂ ਨੇ ਗਾਣਿਆਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਵਿਚ ਵੀ ਕੰਮ ਕੀਤਾ ਹੈ। ਮਸ਼ਹੂਰ ਪੰਜਾਬੀ ਫਿਲਮ ਜੱਗਾ ਡਾਕੂ ਵਿਚ ਸਰਦੂਲ ਸਿੰਕਦਰ ਦੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਸਰਦੂਲ ਦੇ ਦੋ ਪੁੱਤਰ ਅਲਾਪ ਅਤੇ ਸਾਰੰਗ ਸਿਕੰਦਰ ਹਨ ਉਹ ਵੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹਨ। ਸੁਰਾਂ ਦੇ ਸਰਤਾਜ ਸਰਦੂਲ ਦਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵੀਦਾ ਕਹਿਣਾ ਉਨ੍ਹਾਂ ਦੇ ਚਾਹੁੰਣ ਵਾਲਿਆਂ ਲਈ ਕਦੇਂ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਸੁਰੀਲੀ ਅਵਾਜ਼ ਨੇ ਸਰਦੂਲ ਦਾ ਨਾਮ ਘਰ-ਘਰ ਪਹੁੰਚਾਇਆ ਹੁਣ ਉਹ ਆਵਾਜ਼ ਵੀ ਹਮੇਸ਼ਾ ਲਈ ਬੰਦ ਹੋ ਗਈ ਹੈ। ਸਰਦੂਲ ਨੂੰ ਭਲਕੇ ਵੀਰਵਾਰ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ।