ਤੁਰ ਗਿਆ ਸੁਰਾਂ ਦਾ ‘ਸਿਕੰਦਰ’, ਮ੍ਰਿਤਕ ਦੇਹ ਨੂੰ ਕੀਤਾ ਗਿਆ ਸਪੁਰਦ-ਏ-ਖਾਕ

ਚੰਡੀਗੜ੍ਹ : ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਗਏ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਹੈ। ਡੇਢ ਮਹੀਨੇ ਤੋਂ ਬੀਮਾਰ ਚੱਲ ਰਹੇ ਸਰਦੂਲ ਸਿਕੰਦਰ ਦਾ ਬੀਤੇ ਬੁੱਧਵਾਰ ਨੂੰ ਮੁਹਾਲੀ ਦੇ ਫੌਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਜਿੱਥੇ ਉਨ੍ਹਾਂ ਦੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।

ਅੱਜ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖਾਕ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਹਰ ਇਕ ਦੀਆਂ ਅੱਖਾਂ ਨਮ ਸਨ। ਲੋਕਾਂ ਦਾ ਠਾਠਾ ਮਾਰਦਾ ਇੱਕਠ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਸੀ। ਉਨ੍ਹਾਂ ਦੀ ਪਤਨੀ ਅਮਰ ਨੂਰੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਕਈਂ ਨਾਮਵਰ ਗਾਇਕ ਅਤੇ ਰਾਜਨੀਤਿ ਆਗੂ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੀ ਵੰਡਾਇਆ। ਹਾਲਾਂਕਿ ਪਰਿਵਾਰ ਵਿਚ ਛਾਹੀ ਸੋਗ ਦੀ ਲਹਿਰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਵੀ ਅੱਥਰੂ ਨਹੀਂ ਰੁੱਕ ਰਹੇ ਸਨ।

ਦਸੰਬਰ ਦੇ ਵਿਚ ਸਰਦੂਲ ਸਿਕੰਦਰ ਨੂੰ ਕੋਰੋਨਾ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਂਹ ਲੈਣ ਵਿਚ ਦਿੱਕਤ ਆਉਣ ਲੱਗੀ ਅਤੇ ਉਹ ਫੰਗਲ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਏ। ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ 60 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਸਾਂਹ ਲਏ।

ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਹੋਇਆ ਸੀ। ਗਾਇਕੀ ਸਰਦੂਲ ਨੂੰ ਵਿਰਾਸਤ ਵਿਚ ਮਿਲੀ ਸੀ। ਸਰਦੂਲ ਸਿਕੰਦਰ ਪਟਿਆਲਾ ਸੰਗੀਤ ਘਰਾਨੇ ਨਾਲ ਸਬੰਧ ਰੱਖਦੇ ਸਨ। ਸਰਦੂਲ ਸਿਕੰਦਰ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਸੀ, ਜੋ 1980 ਵਿੱਚ ਕਾਫ਼ੀ ਮਕਬੂਲ ਹੋਈ ਤੇ ਇਸ ਐਲਬਮ ਨੇ ਉਨ੍ਹਾਂ ਦੀ ਕਿਸਮਤ ਖੋਲ੍ਹ ਦਿੱਤੀ। ਜਿਸ ਸੁਰੀਲੀ ਅਵਾਜ਼ ਨੇ ਸਰਦੂਲ ਦਾ ਨਾਮ ਘਰ-ਘਰ ਪਹੁੰਚਾਇਆ ਹੁਣ ਉਹ ਆਵਾਜ਼ ਵੀ ਹਮੇਸ਼ਾ ਲਈ ਬੰਦ ਹੋ ਗਈ ਹੈ।

news

Leave a Reply

Your email address will not be published. Required fields are marked *