ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਯੂਸੁਫ ਪਠਾਨ ਨੇ ਕ੍ਰਿਕਟ ਦੇ ਸਾਰੇ ਫਾਰਮੇਟਜ਼ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਯੂਸੁਫ ਪਠਾਨ 2007 ਟੀ-20 ਵਿਸ਼ਵ ਕੱਪ ਅਤੇ 2011 ਵਨ-ਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਭਾਰਤੀ ਟੀਮ ਨੂੰ ਇਹ ਦੋ ਕਾਮਯਾਬੀਆਂ ਦਵਾਉਣ ਲਈ ਯੂਸੁਫ ਪਠਾਨ ਦਾ ਅਹਿਮ ਯੋਗਦਾਨ ਸੀ। ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਯੂਸੁਫ ਪਠਾਨ ਨੇ ਟਵੀਟ ਕਰਕੇ ਦਿੱਤੀ ਹੈ।

ਯੂਸੁਫ ਪਠਾਨ ਨੇ ਟਵੀਟ ਵਿਚ ਲਿਖਿਆ ਕਿ ”ਮੈਨੂੰ ਯਾਦ ਹੈ ਕਿ ਜਿਸ ਦਿਨ ਮੈਂ ਪਹਿਲੀ ਵਾਰ ਜਰਸੀ ਪਾਈ ਸੀ ਮੈਂ ਹੀ ਸਿਰਫ ਉਹ ਜਰਸੀ ਨਹੀਂ ਪਾਈ ਸੀ ਉਹ ਜਰਸੀ ਮੇਰੇ ਪਰਿਵਾਰ, ਕੋਚ, ਦੋਸਤ ਅਤੇ ਪੂਰੇ ਦੇਸ਼ ਨੇ ਪਹਿਣੀ ਸੀ। ਮੇਰਾ ਬਚਪਨ, ਜ਼ਿੰਦਗੀ ਕ੍ਰਿਕਟ ਦੇ ਹੀ ਇਰਦ-ਗਿਰਦ ਬੀਤੀ ਅਤੇ ਮੈਂ ਅੰਤਰਰਾਸ਼ਟਰੀ, ਘਰੇਲੂ ਅਤੇ ਆਈਪੀਐਲ ਕ੍ਰਿਕਟ ਖੇਡੀ ਪਰ ਅੱਜ ਕੁੱਝ ਵੱਖਰਾ ਹੈ”। ਉਨ੍ਹਾਂ ਨੇ ਅੱਗੇ ਲਿਖਿਆ ਕਿ ”ਅੱਜ ਕੋਈ ਵਿਸ਼ਵ ਕੱਪ ਜਾਂ ਆਈਪੀਐਲ ਫਾਈਨਲ ਨਹੀਂ ਹੈ ਪਰ ਇਹ ਇੰਨਾ ਹੀ ਅਹਿਮ ਦਿਨ ਹੈ। ਅੱਜ ਬਤੌਰ ਕ੍ਰਿਕਟਰ ਮੇਰੇ ਕਰਿਅਰ ਉੱਤੇ ਪੂਰੀ ਤਰ੍ਹਾਂ ਵਿਰਾਮ ਲੱਗ ਰਿਹਾ ਹੈ। ਮੈਂ ਅਧਿਕਾਰਕ ਤੌਰ ਉੱਤੇ ਸੰਨਿਆਸ ਦਾ ਐਲਾਨ ਕਰਦਾ ਹਾਂ”।
ਪਠਾਨ ਨੇ ਲਿਖਿਆ ”ਮੈਂ ਆਪਣੇ ਪਰਿਵਾਰ, ਦੋਸਤਾਂ, ਫੈਂਸ, ਟੀਮਾਂ, ਕੋਚਾਂ ਅਤੇ ਪੂਰੇ ਦੇਸ਼ ਦੇ ਸਮਰਥਨ ਲਈ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ”। ਯੂਸੁਫ ਪਠਾਨ ਨੇ ਆਪਣੇ ਪੋਸਟ ਵਿਚ ਦੋ ਵਿਸ਼ਵ ਕੱਪ ਜਿੱਤਣ ਅਤੇ ਸਚਿਨ ਤੇਂਦੁਲਕਰ ਨੇ ਮੋਢੇ ਉੱਤੇ ਉਠਾ ਕੇ ਚੱਕਰ ਲਗਾਉਣ ਵਾਲੇ ਪਲ ਨੂੰ ਕਰੀਅਰ ਦਾ ਯਾਦਗਾਰ ਲੰਮ੍ਹਾ ਦੱਸਿਆ।
ਯੂਸੁਫ ਪਠਾਨ ਨੇ ਭਾਰਤ ਲਈ 57 ਵਨ-ਡੇ ਮੈਚਾਂ ਵਿਚ 27 ਦੀ ਔਸਤ ਨਾਲ 810 ਦੋੜਾਂ ਬਣਾਈਆਂ ਜਿਸ ਵਿਚ 2 ਸੈਂਕੜੇ ਅਤੇ 3 ਅਰਧ ਸੈਂਕੜੇ ਸ਼ਾਮਲ ਹਨ। ਉੱਥੇ ਹੀ 22 ਟੀ-20 ਮੈਚਾਂ ਵਿਚ ਉਨ੍ਹਾਂ ਦੇ ਨਾਮ 236 ਦੋੜਾਂ ਦਾ ਸਕੋਰ ਹੈ। ਯੂਸੁਫ ਪਠਾਨ ਨੇ ਵਨਡੇ ਵਿਚ 33 ਅਤੇ ਟੀ-20 ਵਿਚ 13 ਵਿਕੇਟਾਂ ਲਈਆਂ ਹਨ।