ਨਵੀਂ ਦਿੱਲੀ : ਅਹਿਮਦਾਬਾਦ ਵਿਚ ਖੇਡੇ ਗਏ 4 ਟੈਸਟ ਮੈਚਾਂ ਦੀ ਸੀਰਜ਼ ਦੇ ਤੀਜੇ ਟੈਸਟ ਮੈਚ ਵਿਚ ਬੀਤੇ ਦਿਨ ਭਾਰਤ ਨੇ ਇੰਗਲੈਂਡ ਨੂੰ 10 ਵਿਕੇਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੂੰ ਲੜੀ ਵਿਚ 2-1 ਨਾਲ ਬੜ੍ਹਤ ਤਾਂ ਮਿਲੀ ਹੀ ਹੈ ਇਸ ਦੇ ਨਾਲ ਹੀ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿੱਪ (WTC) ਦੀ ਅੰਕ ਸੂਚੀ ਵਿਚ ਸਿਖਰ ਉੱਤੇ ਪਹੁੰਚ ਗਈ ਹੈ। ਜਦਕਿ ਇੰਗਲੈਂਡ ਦੀ ਟੀਮ WTC ਫਾਇਨਲ ਦੀ ਰੇਸ ਤੋਂ ਬਾਹਰ ਹੋ ਗਈ ਹੈ।
ਅਹਿਮਦਾਬਾਦ ਟੈਸਟ ਤੋਂ ਬਾਅਦ ਭਾਰਤੀ ਟੀਮ 71.0 ਪ੍ਰਤੀਸ਼ਤ ਅਤੇ 490 ਅੰਕਾਂ ਨਾਲ ਪਹਿਲੇ ਨੰਬਰ ਉੱਤੇ ਪਹੁੰਚ ਗਈ ਹੈ। ਉੱਥੇ ਹੀ 70 ਫੀਸਦੀ ਅਤੇ 420 ਅੰਕਾਂ ਨਾਲ ਨਿਊਜ਼ੀਲੈਂਡ ਦੂਜੇ ਨੰਬਰ ਉੱਤੇ ਹੈ ਜਦਕਿ ਆਸਟ੍ਰੇਲੀਆ 69.2 ਪ੍ਰਤੀਸ਼ਤ ਤੇ 332 ਅੰਕਾ ਨਾਲ ਤੀਸਰੇ ਅਤੇ ਇੰਗਲੈਂਡ 64.1 ਪ੍ਰਤੀਸ਼ਤ ਤੇ 442 ਅੰਕਾਂ ਨਾਲ ਚੌਥੇ ਸਥਾਨ ਉੱਤੇ ਹੈ। ਵਰਲਡ ਟੈਸਟ ਚੈਂਪੀਅਨਸ਼ਿੱਪ ਦੇ ਫਾਇਨਲ ਦੀ ਰੇਸ ਵਿਚ ਭਾਰਤ ਅਤੇ ਆਸਟ੍ਰੇਲੀਆ ਹੀ ਹਨ। ਭਾਰਤ ਨੂੰ WTC ਫਾਇਨਲ ਵਿਚ ਪਹੁੰਚਣ ਲਈ 2-1 ਜਾਂ 3-1 ਨਾਲ ਇੰਗਲੈਂਡ ਨੂੰ ਹਰਾਉਣਾ ਹੈ। ਉੱਥੇ ਹੀ ਜੇਕਰ ਚੌਥਾ ਟੈਸਟ ਮੈਚ ਭਾਰਤ ਹਾਰ ਜਾਂਦਾ ਹੈ ਤਾਂ ਆਸਟ੍ਰੇਲੀਆ ਫਾਇਨਲ ਲਈ ਕਵਾਲੀਫਾਈ ਕਰ ਜਾਵੇਗਾ। ਆਈਸੀਸੀ ਟੈਸਟ ਚੈਂਪੀਅਨਸ਼ਿੱਪ ਦਾ ਫਾਇਨਲ 18 ਜੂਨ ਤੋਂ ਇੰਗਲੈਂਡ ਦੇ ਇਤਿਹਾਸਕ ਮੈਦਾਨ ਲਾਰਡਸ ਵਿਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਫਾਇਨਲ ਵਿਚ ਪਹੁੰਚ ਚੁੱਕੀ ਹੈ। ਉਸ ਦਾ ਸਾਹਮਣਾ ਭਾਰਤ ਨਾਲ ਹੋਵੇਗਾ ਜਾਂ ਆਸਟ੍ਰੇਲੀਆ ਨਾਲ ਇਹ ਅਹਿਮਦਾਬਾਦ ਵਿਚ ਹੋਣ ਵਾਲੇ ਚੌਥੇ ਮੈਚ ਮਗਰੋਂ ਸਪੱਸ਼ਟ ਹੋ ਜਾਵੇਗਾ।
ਉੱਥੇ ਹੀ ਜੇਕਰ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਏ ਤੀਜੇ ਟੈਸਟ ਮੈਚ ਦੀ ਗੱਲ ਕਰੀਏ ਤਾਂ ਇਹ ਮਹਿਜ਼ 2 ਦਿਨਾਂ ਵਿਚ ਖਤਮ ਹੋ ਗਿਆ ਹੈ। ਭਾਰਤ ਨੂੰ ਜਿੱਤ ਲਈ ਕੇਵਲ 49 ਦੋੜਾਂ ਦਾ ਟਿੱਚਾ ਮਿਲਿਆ ਸੀ ਜਿਸ ਨੂੰ ਟੀਮ ਨੇ ਬਿਨਾਂ ਕੋਈ ਵਿਕੇਟ ਗਵਾ ਕੇ ਹਾਸਲ ਕਰ ਲਿਆ। ਇੰਗਲੈਂਡ ਦੀ ਪਹਿਲੀ ਪਾਰੀ 112 ਉੱਤੇ ਸਮੇਟਨ ਮਗਰੋਂ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿਚ 145 ਦੋੜਾਂ ਉੱਤੇ ਆਲਆਊਟ ਹੋ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ ਮਹਿਜ਼ 81 ਦੋੜਾਂ ਉੱਤੇ ਆਲਊਾਟ ਕਰ ਦਿੱਤਾ ਅਤੇ 49 ਦੋੜਾਂ ਬਣਾ ਕੇ ਮੈਚ ਆਪਣੇ ਨਾਮ ਕਰ ਲਿਆ।