ਮਨਜਿੰਦਰ ਸਿਰਸਾ ਦੀ ਦੀਪ ਸਿੱਧੂ ਨਾਲ ਫੋਨ ‘ਤੇ ਹੋਈ ਸੀ ਗੱਲਬਾਤ, ਜੇਲ੍ਹ ਤੋਂ ਬਾਹਰ ਲਿਆਉਣ ਲਈ ਕਾਨੂੰਨੀ ਸਹਾਇਤਾ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ : ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਆਰੋਪੀ ਦੀਪ ਸਿੱਧੂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਫੋਨ ਉੱਤੇ ਗੱਲਬਾਤ ਹੋਈ ਸੀ। ਇਸ ਗੱਲ ਦੀ ਜਾਣਕਾਰੀ ਸਿਰਸਾ ਨੇ ਖੁਦ ਟਵੀਟ ਕਰਕੇ ਦਿੱਤੀ ਹੈ ਅਤੇ ਕਿਹਾ ਹੈ ਕਿ ਡੀਐਸਜੀਐਮਸੀ ਦੀ ਕਾਨੂੰਨੀ ਟੀਮ ਉਨ੍ਹਾਂ ਦੀ ਜਲਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਯਾਦ ਰਹੇ ਕਿ ਦੀਪ ਸਿੱਧੂ ਇਸ ਵੇਲੇ ਤਿਹਾੜ ਜੇਲ੍ਹ ਵਿਚ ਬੰਦ ਹੈ।

ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਬਹੁਤ ਸਾਰੇ ਲੋਕਾਂ ਨੇ ਮੈਨੂੰ ਦੀਪ ਸਿੱਧੂ ਬਾਰੇ ਫੋਨ ਕਰਕੇ ਪੁੱਛਿਆ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪਡੇਟ ਦੇਣਾ ਚਾਹੁੰਦਾ ਹਾਂ ਕਿ ਜਿਸ ਦਿਨ ਉਸ ਨੂੰ ਰਿਮਾਂਡ ਉੱਤੇ ਲਿਆ ਗਿਆ ਸੀ ਉਸ ਦਿਨ ਮੈਂ ਉਸ ਨਾਲ ਟੈਲੀਫੋਨ ਉੱਤੇ ਗੱਲ ਕੀਤੀ ਸੀ। ਉਹ ਸਿਹਤ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਠੀਕ ਹੈ। ਮੈਂ ਉਸ ਨੂੰ ਭਰੋਸਾ ਦਿੱਤਾ ਹੈ ਕਿ ਡੀਐਸਜੀਐਮਸੀ ਸਾਰੀਆਂ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆਵੇ”।

ਦੱਸ ਦਈਏ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਨੂੰ ਲੈਕੇ ਦੀਪ ਸਿੱਧੂ ਨੇ ਦਿੱਲੀ ਦੀ ਇਕ ਅਦਾਲਤ ਵਿਚ ਪਟੀਸ਼ਨ ਵੀ ਪਾਈ ਸੀ। ਦੀਪ ਸਿੱਧੂ ਨੇ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ 26 ਜਨਵਰੀ ਨੂੰ ਲਾਲ ਕਿਲ੍ਹਾ ਉੱਤੇ ਹਿੰਸਾ ਲਈ ਉਹ ਉਕਸਾਉਣ ਵਾਲਿਆਂ ਵਿਚ ਸ਼ਾਮਲ ਨਹੀਂ ਸੀ ਬਲਕਿ ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਦੀ ਮਦਦ ਕਰ ਰਿਹਾ ਸੀ। ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਦਲੀਲ ਦਿੱਤੀ ਸੀ ਕਿ 26 ਜਨਵਰੀ ਨੂੰ ਦੀਪ ਸਿੱਧੂ ਦੁਪਹਿਰ 12 ਵਜੇ ਤੱਕ ਮੂਰਥਲ ਵਿਚ ਸੀ ਅਤੇ ਦੁਪਹਿਰ ਕਰੀਬ 2 ਵਜੇ ਲਾਲ ਕਿਲ੍ਹਾ ਦੇ ਕੋਲ ਪਹੁੰਚਿਆ, ਉਦੋਂ ਤੱਕ ਮੌਕੇ ‘ਤੇ ਭਾਰੀ ਭੀੜ ਪਹਿਲਾਂ ਹੀ ਜੁੱਟ ਚੁੱਕੀ ਸੀ। ਇਸ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਸ਼ੁੱਕਰਵਾਰ ਨੂੰ ਕੋਰਟ ਨੇ ਕਿਹਾ ਹੈ ਕਿ ਉਮੀਦ ਹੈ ਕਿ ਪੁਲਿਸ ਕੇਵਲ ਆਰੋਪੀ ਨੂੰ ਦੋਸ਼ੀ ਸਾਬਿਤ ਕਰਨ ਲਈ ਹੀ ਸਬੂਤ ਇੱਕਠੇ ਨਹੀਂ ਕਰੇਗੀ ਬਲਕਿ ਉਹ ਅਸਲ ਤਸਵੀਰ ਸਾਹਮਣੇ ਲਿਆਵੇਗੀ।

news

Leave a Reply

Your email address will not be published. Required fields are marked *