ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੋਇਆ ਖੂਬ ਹੰਗਾਮਾ, ਪਿਓ-ਪੁੱਤ ਕਿਸਾਨ ਦੀ ਖੁਦਕੁਸ਼ੀ ਦਾ ਉੱਠਿਆ ਮੁੱਦਾ

ਚੰਡੀਗੜ੍ਹ : ਪੰਜਾਬ ਵਿਧਾਨਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਅੱਜ ਮੰਗਲਵਾਰ ਨੂੰ ਵੀ ਹੰਗਾਮਾ ਭਰਪੂਰ ਰਿਹਾ ਹੈ। ਅੱਜ ਸਦਨ ਵਿਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਸੰਬੋਧਨ ਉੱਤੇ ਚਰਚਾ ਹੋਈ ਅਤੇ ਇਸ ਦੌਰਾਨ ਵਿਰੋਧੀ ਧੀਰਾਂ ਨੇ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਕਈਂ ਮੁੱਦਿਆ ਉੱਤੇ ਘੇਰਿਆ। ਉੱਥੇ ਹੀ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸਾਰੇ ਮੈਂਬਰਾਂ ਨੂੰ ਹਦਾਇਤ ਦਿੱਤੀ ਕਿ ਉਹ ਮੁੱਖ ਮੰਤਰੀ ਕੋਲ ਨਾ ਆਉਣ। ਉਨ੍ਹਾਂ ਨੂੰ ਸਦਨ ਦੇ ਬਾਹਰ ਮਿਲਣ। ਸਪੀਕਰ ਨੇ ਸਾਰੇ ਵਿਧਾਇਕਾਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਅਤੇ ਆਪਣੀ ਸੀਟ ਉੱਤੇ ਬੈਠੇ ਹੀ ਬੈਠੇ ਰਹਿਣ ਦੀ ਅਪੀਲ ਕੀਤੀ।

ਸਦਨ ਵਿਚ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਪਿਛਲੇ ਦਿਨਾਂ ‘ਚ ਹੁਸ਼ਿਆਰਪੁਰ ਵਿਚ ਕਿਸਾਨ ਪਿਓ-ਪੁੱਤ ਦੁਆਰਾ ਖੁਦਕੁਸ਼ੀ ਕਰਨ ਦਾ ਮੁੱਦਾ ਚੁੱਕਿਆ ਅਤੇ ਖੁਦਕੁਸ਼ੀ ਨੋਟ ਵਿਖਾਉਂਦਿਆਂ ਕਿਹਾ ਕਿ ਦੋਵਾਂ ਪਿਓ-ਪੁੱਤ ਨੇ ਕਰਜ਼ੇ ਦੇ ਕਾਰਨ ਆਤਮ ਹੱਤਿਆ ਕੀਤੀ ਸੀ ਜਿਸ ਕਰਕੇ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉੱਤੇ ਮੁੱਕਦਮਾ ਦਰਜ ਹੋਣਾ ਚਾਹੀਦਾ ਹੈ।

ਉੱਥੇ ਹੀ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਰਾਜਪਾਲ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਨੇ ਸਦਨ ‘ਚ ਕਿਹਾ ਕਿ ਰਾਜਪਾਲ ਵੱਲੋਂ ਕਿਸਾਨੀ ਮੁੱਦੇ ‘ਤੇ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਵੱਲੋਂ ਪਾਸ ਮਤੇ ਨੂੰ ਰਾਸ਼ਟਰਪਤੀ ਕੋਲ ਨਹੀਂ ਭੇਜਿਆ ਗਿਆ।

ਦੂਜੇ ਪਾਸੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਨੇ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿੱਪ ਤੇ ਫੀਸ ਨਾ ਪੁੱਜਣ ਕਾਰਨ ਹੋ ਰਹੀ ਖੱਜਲ ਖੁਆਰੀ ਦਾ ਮੁੱਦਾ ਚੁੱਕਿਆ ਜਿਸ ਦੇ ਜਵਾਬ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 309 ਕਰੋੜ ਵਿੱਚੋਂ 200 ਕਰੋੜ ਤੋਂ ਵੱਧ ਪੈਸਾ ਜਾਰੀ ਕਰ ਦਿੱਤਾ ਗਿਆ। ਜੇ ਕਿਸੇ ਵੀ ਵਿੱਦਿਆ ਸੰਸਥਾ ਨੇ ਕਿਸੇ ਵੀ ਐਸ ਸੀ ਵਿਦਿਆਰਥੀ ਨੂੰ ਡਿਗਰੀ ਨਹੀਂ ਦਿੱਤੀ ਤਾਂ ਉਸਦੀ ਮਾਨਤਾ ਰੱਦ ਕੀਤੀ ਜਾਵੇਗੀ।

ਉੱਥੇ ਹੀ ਇਸ ਦੇ ਜਵਾਬ ‘ਚ ਡਾ. ਰਾਜ ਕੁਮਾਰ ਵੇਰਕਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਐਸ ਸੀ ਵਿਦਿਆਰਥੀਆ ਦਾ ਵਜ਼ੀਫ਼ਾ ਬੰਦ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਹੈ। ਸਰਕਾਰ ਵੱਲੋਂ ਸੂਬਿਆਂ ਦੇ ਸਾਰੇ ਡੀਸੀਆਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਬੱਚੇ ਦੀ ਡਿਗਰੀ ਰੋਕੀ ਨਹੀਂ ਜਾਵੇਗੀ।

ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ‘ਆਪ’ ਨਾਲ ਬਗਾਵਤ ਕਰਕੇ ਕਾਂਗਰਸ ਵਿੱਚ ਜਾਣ ਅਤੇ ਵੱਖਰੀ ਪਾਰਟੀ ਬਣਾਉਣ ਵਾਲੇ ਵਿਧਾਇਕਾਂ ਦੇ ਮੁੱਦ ’ਤੇ ਸਪੀਕਰ ਨੂੰ ਘੇਰਿਆ ਜਿਸ ਉੱਤੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸਪੀਕਰ ਨੂੰ ਕਿਸੇ ਵੀ ਵਿਧਾਇਕ ‘ਤੇ ਕਾਰਵਾਈ ਰੋਕਣ ਦਾ ਅਧਿਕਾਰ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦਾ। ਸਪੀਕਰ ਨੇ ਕਿਹਾ ਕਿ ਜੇ ਕਿਸੇ ਵਿਧਾਇਕ ਨੂੰ ਅਜੇ ਵੀ ਇਤਰਾਜ਼ ਹੈ ਤਾਂ ਉਸ ਲਈ ਅਦਾਲਤ ਦਾ ਦਰਵਾਜ਼ਾ ਖੁੱਲ੍ਹਾ ਹੈ। ਉੱਥੇ ਹੀ ਚਰਚਾ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

news

Leave a Reply

Your email address will not be published. Required fields are marked *