ਨਵੀਂ ਦਿੱਲੀ : ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਇਹ ਕਹਾਵਤ ਤਾਂ ਤੁਸੀ ਸੁਣੀ ਹੀ ਹੋਵੇਗੀ ਅਤੇ ਹੁਣ ਇਸ ਕਹਾਵਤ ਨੂੰ ਸੱਚ ਕਰਦੀ ਇਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਬਾਰੇ ਜਾਣ ਕੇ ਸ਼ਾਇਦ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਕਿਵੇਂ ਮੌਤ ਬਿਲਕੁੱਲ ਕੋਲ ਆ ਕੇ ਚੱਲੀ ਗਈ। ਮੰਨੋ ਭਗਵਾਨ ਕੈਮਰੇ ਵਿਚ ਕੈਦ ਹੋ ਗਿਆ ਹੋਵੇ। ਦਰਅਸਲ ਵੀਅਤਨਾਮ ਵਿਚ 12ਵੀਂ ਮੰਜਿਲ ਦੀ ਬਾਲਕੌਨੀ ਤੋਂ ਗਿਰੀ 2 ਸਾਲ ਦੀ ਇੱਕ ਬੱਚੀ ਨੂੰ ਡਿਲਵਿਰੀ ਡਰਾਇਵਰ ਨੇ ਲਪਕ ਲਿਆ।

ਸਮਾਨ ਡਿਲਵਿਰੀ ਕਰਨ ਲਈ ਆਪਣੇ ਟਰੱਕ ਵਿਚ ਇੰਤਜ਼ਾਰ ਕਰ ਰਿਹਾ ਡਰਾਇਵਰ ਬਾਲਕੌਨੀ ਦੇ ਕੋਨੇ ਉੱਤੇ ਲਟਕੀ ਬੱਚੀ ਨੂੰ ਲਪਕਨ ਲਈ ਗੱਡੀ ਤੋਂ ਬਾਹਰ ਆ ਗਿਆ ਸੀ। ਜਿਵੇਂ ਹੀ ਬੱਚੀ ਦਾ ਹੱਥ ਫਿਸਲਿਆ ਉਦੋਂ ਡਰਾਇਵਰ ਨਗੁਏਨ ਨੇ ਉਸ ਨੂੰ ਕੈਚ ਕਰ ਲਿਆ। ਇਸ ਤੋਂ ਬਾਅਦ ਡਰਾਇਵਰ ਨੇ ਕਿਹਾ ਕਿ ਕਿਸਮਤ ਨਾਲ ਬੱਚੀ ਮੇਰੀ ਗੋਦ ਵਿਚ ਗਿਰੀ । ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

31 ਸਾਲ ਦੇ ਡਰਾਇਵਰ ਨਗੁਏਨ ਨੇ ਦੱਸਿਆ ਕਿ ਉਹ ਇਕ ਗ੍ਰਾਹਕ ਦਾ ਪਾਰਸਲ ਡਿਲਵਿਰੀ ਕਰਨ ਦੇ ਲਈ ਹਨੋਈ ਆਇਆ ਸੀ। ਜਦੋਂ ਉਹ ਗ੍ਰਾਹਕ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਸ ਨੂੰ ਇਕ ਬੱਚੀ ਦੀ ਰੋਣ ਦੀ ਆਵਾਜ਼ ਆਈ। ਉਸ ਨੇ ਵੇਖਿਆ ਕਿ ਇਕ ਬੱਚੀ ਇਕ ਬਿਲਡਿੰਗ ਦੀ 12ਵੀਂ ਮੰਜ਼ਿਲ ਦੀ ਬਾਲਕੌਨੀ ਤੋਂ ਲਟਕੀ ਹੈ ਇਸ ਨਜ਼ਾਰੇ ਨੂੰ ਵੇਖ ਕੇ ਉਹ ਤੁਰੰਤ ਹੀ ਮੌਕੇ ਉੱਤੇ ਪਹੁੰਚਿਆ ਅਤੇ ਬੱਚੀ ਨੂੰ ਕੈਚ ਕਰ ਉਸ ਦੀ ਜਾਨ ਬਚਾ ਲਈ।

ਬੱਚੀ ਦੇ ਮੂੰਹ ਤੋਂ ਖੂਨ ਆਉਣ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਸਿਹਤਮੰਦ ਦੱਸੀ ਜਾ ਰਹੀ ਹੈ। ਉੱਥੇ ਹੀ 164 ਫੁੱਟ ਤੋਂ ਗਿਰੀ ਬੱਚੀ ਨੂੰ ਬਚਾਉਣ ਦੇ ਕਾਰਨਾਮੇ ਨੇ ਡਰਾਇਵਰ ਹੀਰੋ ਬਣਾ ਦਿੱਤਾ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਜ਼ਬਰਦਸਤ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਡਰਾਇਵਰ ਦੇ ਇਸ ਯਤਨ ਨੂੰ ਖੂਬ ਸਾਹਰਿਆ ਜਾ ਰਿਹਾ ਹੈ। ਕਈ ਲੋਕ ਉਸ ਨੂੰ ਭਗਵਾਨ ਦੱਸ ਰਹੇ ਹਨ।