ਨਵੀਂ ਦਿੱਲੀ : ਕਰਮਚਾਰੀ ਭਵਿੱਖ ਫੰਡ ਸੰਗਠਨ (EPFO) ਨੇ ਮੌਜੂਦ ਵਿੱਤੀ ਸਾਲ ਯਾਨੀ 2020-21 ਵਿਚ ਦੇਸ਼ ਦੇ ਕਰੀਬ 6 ਕਰੋੜ ਪੀਐਫ ਖਾਤਾ ਧਾਰਕਾਂ ਨੂੰ ਉਨ੍ਹਾਂ ਦੇ ਪ੍ਰੋਵੀਡੇਂਟ ਫੰਡ(PF) ਲਈ ਵਿਆਜ ਤੈਅ ਕਰ ਦਿੱਤਾ ਹੈ। ਈਪੀਐਫਓ ਦੇ ਟਰੱਸਟੀ ਬੋਰਡ ਦੀ ਸ਼੍ਰੀਨਗਰ ਵਿਚ ਹੋਣ ਵਾਲੀ ਬੈਠਕ ‘ਚ ਇਸ ਵਿੱਤੀ ਸਾਲ ਲਈ 8.5 ਫੀਸਦੀ ਦਾ ਵਿਆਜ ਦਰ ਹੀ ਤੈਅ ਕੀਤਾ ਗਿਆ ਹੈ।
ਭਾਵ ਵਿਆਜ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਇਕ ਤਰ੍ਹਾਂ ਨਾਲ ਰਾਹਤ ਹੈ ਕਿਉਂਕਿ ਕੋਰੋਨਾ ਕਾਰਨ ਵਿਆਜ ਦਰਾਂ ਵਿਚ ਕੁਟੌਤੀ ਦੇ ਆਸਾਰ ਸਨ। ਜਾਣਕਾਰਾਂ ਦਾ ਮੰਨਣਾ ਸੀ ਕਿ ਕੋਰੋਨਾ ਸੰਕਟ ਨੂੰ ਵੇਖਦੇ ਹੋਏ ਇਸ ਵਿੱਤੀ ਸਾਲ 2020-21 ਲਈ ਵਿਆਜ ਦਰ ਵਿਚ ਕੁਟੌਤੀ ਕੀਤੀ ਜਾ ਸਕਦੀ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੀਐਫ ਉੱਤੇ ਵਿਆਜ ਦਰ ਪਹਿਲਾਂ ਤੋਂ ਹੀ ਸੱਤ ਸਾਲ ਦੇ ਹੇਠਲੇ ਪੱਧਰ ਉੱਤੇ ਹੈ। ਪਿਛਲੇ ਵਿੱਤੀ ਸਾਲ ਵਿਚ ਵਿਆਜ ਦਰ 8.5 ਫੀਸਦੀ ਤੈਅ ਕੀਤੀ ਗਈ ਸੀ।
ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਟਰੱਸਟੀਜ਼ ਬੋਰਡ ਨੇ 2021 ਲਈ ਵਿਆਜ ਦਰਾਂ ਉਹੀ ਰੱਖੀਆਂ ਹਨ ਕਿਉਂਕਿ ਈਪੀਐਫਓ ਨੇ ਕਰਜ਼ ਅਤੇ ਸ਼ੇਅਰਾਂ ਨਾਲ ਆਮਦਨ ਪ੍ਰਾਪਤ ਕੀਤੀ ਹੈ ਜਿਸ ਦੇ ਚੱਲਦੇ ਉਹ ਆਪਣੇ ਸਬਸਕ੍ਰਾਇਬਰਜ਼ ਨੂੰ ਵੱਡੇ ਰਿਟਰਨ ਦੇ ਪਾ ਰਿਹਾ ਹੈ। ਦੱਸ ਦਈਏ ਕਿ 31 ਦਸੰਬਰ 2020 ਤੱਕ ਈਪੀਐਫਓ ਨੇ ਕੋਰੋਨਾ ਸੰਕਟ ਵਿਚ ਸ਼ੁਰੂ ਕੀਤੀ ਗਈ ਐਡਵਾਂਸ ਸਕੀਮ ਤਹਿਤ 56.79 ਲੱਖ ਦਾਅਵਿਆਂ ਵਿਚ 14,310.21 ਕਰੋੜ ਰੁਪਏ ਦੀ ਰਕਮ ਵਾਪਸ ਕੀਤੀ ਹੈ। ਇਸ ਤਰ੍ਹਾਂ ਅਪ੍ਰੈਲ ਤੋਂ ਦਸਬੰਰ ਤੱਕ ਫਾਇਨਲ ਸੇਟਲਮੈਂਟ, ਮੌਤਾਂ, ਬੀਮਾ, ਐਡਵਾਂਸ ਸਮੇਤ ਕੁੱਲ ਮਿਲਾ ਕੇ ਪੀਐਫ ਤੋਂ 73,288 ਕਰੋੜ ਰੁਪਏ ਦੀ ਰਕਮ ਕੱਢੀ ਗਈ ਹੈ। ਇਸੇ ਤਰ੍ਹਾਂ ਨਿੱਜੀ ਕੰਪਨੀਆਂ ਦੇ ਟਰੱਸਟ ਨਾਲ ਚੱਲਣ ਵਾਲੇ ਪੀਐਫ ਤੋਂ ਵੀ ਕਰੀਬ 3,983 ਕਰੋੜ ਰੁਪਏ ਕੱਢੇ ਗਏ ਹਨ।