ਅਹਿਮਦਾਬਾਦ(ਗੁਜਰਾਤ) : ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦਾ ਅੱਜ ਪਹਿਲਾ ਦਿਨ ਸਮਾਪਤ ਹੋ ਗਿਆ ਹੈ। ਪਹਿਲੇ ਦਿਨ ਭਾਰਤੀ ਟੀਮ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਇੰਗਲੈਂਡ ਦੀ ਟੀਮ ਬੇਬੱਸ ਨਜ਼ਰ ਆਈ। ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 205 ਦੇ ਸਕੋਰ ਉੱਤੇ ਆਲਆਊਟ ਕਰ ਦਿੱਤਾ ਅਤੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਇਕ ਵਿਕੇਟ ਗਵਾ ਕੇ 24 ਦੋੜਾਂ ਬਣਾ ਲਈਆਂ ਹਨ।
ਨਰਿੰਦਰ ਮੋਦੀ ਸਟੇਡੀਅਮ ਮੋਟੇਰਾ ਵਿਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸ ਦਾ ਇਹ ਫੈਸਲਾ ਗਲਤ ਸਾਬਤ ਹੋਇਆ। 10 ਦੇ ਸਕੋਰ ਉੱਤੇ ਇੰਗਲੀਸ਼ ਟੀਮ ਦਾ ਪਹਿਲਾ ਵਿਕੇਟ ਗਿਰਿਆ। ਅਕਸ਼ਰ ਪਟੇਲ ਨੇ ਓਪਨਰ ਸਿਬਲੀ ਨੂੰ 2 ਦੋੜਾਂ ਉੱਤੇ ਚੱਲਦਾ ਕੀਤਾ। ਇਸ ਤੋਂ ਬਾਅਦ ਪਟੇਲ ਨੇ ਇਕ ਹੋਰ ਵਿਕੇਟ ਓਪਨਰ ਜੈਕ ਕ੍ਰਾਊਲੀ ਦੇ ਰੂਪ ਵਿਚ ਲਈ। 15 ਦੇ ਸਕੋਰ ਉੱਤੇ ਇੰਗਲੈਂਡ ਦੀਆਂ ਦੋ ਵਿਕੇਟਾਂ ਗਿਰ ਗਈਆਂ ਸਨ। 30 ਦੇ ਸਕੋਰ ਉੱਤੇ ਇੰਗਲੈਂਡ ਨੂੰ ਤੀਜਾ ਝਕਟਾ ਲੱਗਿਆ। ਕਪਤਾਨ ਜੋਅ ਰੂਟ 5 ਦੋੜਾਂ ਉੱਤੇ ਆਊਟ ਹੋ ਗਏ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਉਸ ਦਾ ਵਿਕੇਟ ਲਿਆ। ਬਿਨ ਸਕੋਟਜ਼ ਦੇ 55 ਅਤੇ ਡਾਨ ਲਾਰੈਂਸ ਦੀਆਂ 46 ਦੋੜਾਂ ਤੋਂ ਇਲਾਵਾ ਕੋਈ ਵੀ ਇੰਗਲੀਸ਼ ਬੱਲੇਬਾਜ਼ ਖਾਸ ਨਹੀਂ ਕਰ ਪਾਇਆ ਅਤੇ ਪੂਰੀ ਟੀਮ 205 ਉੱਤੇ ਢੇਰ ਹੋ ਗਈ। ਭਾਰਤ ਲਈ ਮੁਹੰਮਦ ਸਿਰਾਜ ਨੇ 2, ਅਕਸ਼ਰ ਪਟੇਲ ਨੇ 4, ਆਰ ਅਸ਼ਵਿਨ ਨੇ 3 ਅਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕੇਟ ਲਈ।
ਉੱਥੇ ਹੀ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਜ਼ੀਰੋ ਦੇ ਸਕੋਰ ਉੱਤੇ ਸ਼ੁਭਮਨ ਗਿੱਲ ਆਊਟ ਹੋ ਗਏ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 24/1 ਸਕੋਰ ਬਣਾ ਲਿਆ ਹੈ। ਰੋਹਿਤ 15 ਅਤੇ ਪੁਜਾਰਾ 8 ਦੋੜਾਂ ਉੱਤੇ ਨਾਬਾਦ ਹਨ।