ਅਹਿਮਦਾਬਾਦ : ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਦੇ ਆਖਰੀ ਤਿੰਨ ਮੁਕਾਬਲੇ ਬਿਨਾਂ ਦਰਸ਼ਕਾਂ ਦੇ ਸਟੇਡੀਅਮ ਵਿਚ ਖੇਡੇ ਜਾਣਗੇ। ਇਸ ਸੀਰੀਜ਼ ਦੇ ਸਾਰੇ ਮੈਚ ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ(ਗੁਜਰਾਤ) ਵਿਚ ਹੀ ਖੇਡੇ ਜਾ ਰਹੇ ਹਨ। ਦੁਨੀਆ ਦੇ ਸੱਭ ਤੋਂ ਵੱਡੇ ਸਟੇਡੀਅਮ ਵਿਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਦੋ ਮੈਚ ਵੀ ਖੇਡੇ ਗਏ ਸਨ। ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਦਰਸ਼ਕਾਂ ਸੰਬੰਧੀ ਇਹ ਫੈਸਲਾ ਲਿਆ ਗਿਆ ਹੈ।
ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੇ ਟੀ-20 ਸੀਰੀਜ਼ ਦੇ ਬਾਕੀ ਦੇ ਤਿੰਨ ਮੈਚ ਬਗੈਰ ਦਰਸ਼ਕਾਂ ਦੇ ਹੋਣ ਦੀ ਪੁਸ਼ਟੀ ਕੀਤੀ ਹੈ। ਜੀਸੀਏ ਦੇ ਉਪ-ਚੇਅਰਮੈਨ ਨੇ ਕਿਹਾ ਹੈ ਕਿ 16,18 ਅਤੇ 20 ਮਾਰਚ ਨੂੰ ਹੋਣ ਵਾਲੇ ਮੈਚਾਂ ਲਈ ਟਿਕਟ ਖਰੀਦਣ ਵਾਲੇ ਦਰਸ਼ਕਾਂ ਨੂੰ ਉਨ੍ਹਾਂ ਦੀ ਟਿਕਟਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਵਿਚ ਕੋਰੋਨਾ ਦੇ ਕੇਸਾਂ ਵਿਚ ਆਈ ਉਛਾਲ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਬੀਸੀਸੀਆਈ ਤੋਂ ਸਲਾਹ ਲੈਣ ਦੇ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲਿਆਂ ਵਿਚ 50 ਫੀਸਦੀ ਦਰਸ਼ਕਾਂ ਨੂੰ ਸਟੇਡੀਅਮ ਵਿਚ ਜਾਣ ਦੀ ਮੰਜ਼ੂਰੀ ਦਿੱਤੀ ਗਈ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਗੱਲ ਕੀਤੀ ਜਾਵੇ ਸੀਰੀਜ਼ ਦੀ ਤਾਂ ਭਾਰਤ ਅਤੇ ਇੰਗਲੈਂਡ ਦੀ ਟੀਮ ਇਕ-ਇਕ ਮੁਕਾਬਲਾ ਜਿੱਤ ਕੇ ਬਰਾਬਰੀ ਉੱਤੇ ਹੈ। ਪਹਿਲਾਂ ਮੈਚ ਜਿੱਥੇ ਇੰਗਲੈਂਡ ਨੇ ਜਿੱਤਿਆ ਸੀ ਤਾਂ ਉੱਥੇ ਹੀ ਦੂਜੇ ਮੈਚ ਵਿਚ ਭਾਰਤ ਨੇ ਬਾਜ਼ੀ ਮਾਰੀ ਸੀ ਅਤੇ ਅੱਜ ਤੀਜਾ ਮੈਚ ਖੇਡਿਆ ਜਾਵੇਗਾ।