ਨਵੀਂ ਦਿੱਲੀ : ਸ਼ਨੀਵਾਰ ਰਾਤ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦੇ ਖੇਡੇ ਗਏ ਪੰਜਵੇਂ ਤੇ ਆਖਰੀ ਮੈਚ ਵਿਚ ਭਾਰਤ ਨੇ 36 ਦੋੜਾਂ ਨਾਲ ਜਿੱਤ ਹਾਸਲ ਕਰ ਲਈ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਉੱਤੇ 3-2 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਇੰਗਲੈਂਡ ਨੂੰ 225 ਦੋੜਾਂ ਦਾ ਟਿੱਚਾ ਦਿੱਤਾ ਸੀ। ਜਵਾਬ ਵਿਚ ਇੰਗਲੈਂਡ ਦੀ ਟੀਮ 188 ਦੋੜਾਂ ਹੀ ਬਣਾ ਸਕੀ ਜਿਸ ਕਰਕੇ ਭਾਰਤ ਨੇ ਇਹ ਮੈਚ ਆਪਣੇ ਨਾਮ ਕਰ ਲਿਆ।
ਅਹਿਮਦਾਬਾਦ ਦੇ ਨਰੇਂਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੌਰਾਨ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ। ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਭਾਰਤੀ ਨੂੰ ਤੇਜ਼ ਸ਼ੁਰੂਆਤ ਦਿੱਤੀ। ਦੋਵਾਂ ਵਿਚਾਲੇ ਪਹਿਲੇ ਵਿਕੇਟ ਲਈ 94 ਦੋੜਾਂ ਦੀ ਸਾਂਝੇਦਾਰੀ ਹੋਈ। ਰੋਹਿਤ ਸ਼ਰਮਾ 34 ਗੇਂਦਾਂ ਵਿਚ ਸ਼ਾਨਦਾਰ 64 ਦੋੜਾਂ ਬਣਾ ਕੇ ਆਊਟ ਹੋਏ। ਇਸ ਮਗਰੋਂ 143 ਦੇ ਸਕੋਰ ਉੱਤੇ ਭਾਰਤ ਦਾ ਦੂਜਾ ਵਿਕੇਟ ਗਿਰਿਆ। ਸੁਰਿਆਕੁਮਾਰ ਯਾਦਵ ਨੇ 32 ਦੋੜਾਂ ਉੱਤੇ ਆਪਣੀ ਵਿਕੇਟ ਗਵਾ ਦਿੱਤੀ, ਹਾਲਾਂਕਿ ਵਿਰਾਟ ਕੋਹਲੀ ਦੀ ਨਾਬਾਦ 80 ਦੋੜਾਂ ਦੀ ਸ਼ਾਨਦਾਰ ਪਾਰੀ ਤੇ ਹਾਰਦਿਕ ਪਾਂਡਿਆ ਦੇ ਨਾਟਆਊਟ 39 ਦੋੜਾਂ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿਚ 224 ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।
225 ਦੋੜਾਂ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਜੈਸ਼ੋਨ ਰੋਏ ਜ਼ੀਰੋ ਦੇ ਸਕੋਰ ਉੱਤੇ ਹੀ ਆਊਟ ਹੋ ਗਏ। ਭੁਵਨੇਸ਼ਵਰ ਕੁਮਾਰ ਨੇ ਉਨ੍ਹਾਂ ਦਾ ਵਿਕੇਟ ਲਿਆ। ਇਸ ਮਗਰੋਂ ਜੋਸ਼ ਬਟਲਰ ਅਤੇ ਡੇਵੀਡ ਮਾਲਾਨ ਨੇ ਪਾਰੀ ਨੂੰ ਸੰਭਾਲਿਆਂ। ਦੋਵਾਂ ਵਿਚਾਲੇ 130 ਦੋੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਭੁਵਨੇਸ਼ਵਰ ਕੁਮਾਰ ਨੇ ਜੋਸ਼ ਬਟਲਰ ਦੀ ਵਿਕੇਟ ਲੈ ਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਇਹ ਵਿਕੇਟ ਭਾਰਤ ਲਈ ਮੈਚ ਵਿਚ ਟਰਨਿੰਗ ਪੁਆਇੰਟ ਸਾਬਤ ਹੋਈ। ਇਸ ਤੋਂ ਬਾਅਦ ਜੋਨੀ ਬੇਅਰਸਟੋਅ ਅਤੇ ਡੇਵਿਡ ਮਲਾਨ ਨੂੰ ਆਊਟ ਕਰਨ ਮਗਰੋਂ ਭਾਰਤ ਨੇ ਇਹ ਮੈਚ ਆਪਣੀ ਮੁੱਠੀ ਵਿਚ ਕਰ ਲਿਆ। ਇੰਗਲੈਂਡ ਦੀ ਟੀਮ 20 ਓਵਰਾਂ ਵਿਚ 8 ਵਿਕੇਟਾਂ ਗਵਾ ਕੇ 188 ਦੋੜਾਂ ਹੀ ਬਣਾ ਸਕੀ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 2, ਸ਼ਾਰਦੁਲ ਠਾਕੁਰ ਨੇ 3, ਹਾਰਦਿਕ ਪਾਂਡਿਆ ਤੇ ਟੀ. ਨਟਾਰਾਜਨ ਨੇ 1-1 ਵਿਕੇਟ ਲਈ।