ਪੰਜਾਬ ਦੇ ਰਾਜਪਾਲ ਵੱਲੋਂ BJP ਵਿਧਾਇਕ ਅਰੁਣ ਨਾਰੰਗ `ਤੇ ਹਮਲੇ ਦੀ ਨਿਖੇਧੀ, ਕਾਰਵਾਈ ਸਬੰਧੀ ਮੰਗੀ ਰਿਪੋਰਟ

ਚੰਡੀਗੜ੍ਹ : ਮਲੋਟ ਵਿਚ ਬੀਜੇਪੀ ਵਿਧਾਇਕ ਅਰੁਣ ਨਾਰੰਗ ਉੱਤੇ ਹਮਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਬੀ.ਜੇ.ਪੀ. ਆਗੂਆਂ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਕਾਂਗਰਸ ਦੇ ਇਸ਼ਾਰੇ ਉੱਤੇ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਉੱਤੇ ਗੈਰ-ਕਾਨੂੰਨੀ ਤੇ ਗੈਰ ਸੰਵਿਧਾਨਕ ਢੰਗ ਨਾਲ ਵੱਧ ਰਹੇ ਹਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਵਫਦ ਨੇ ਰਾਜਪਾਲ ਨੂੰ ਦੱਸਿਆ ਕਿ ਵਿਧਾਇਕ ਅਰੁਣ ਨਾਰੰਗ ‘ਤੇ ਹੋਇਆ ਹਿੰਸਕ ਹਮਲਾ ਸੱਤਾਧਾਰੀ ਪਾਰਟੀ ਦੀ ਸ਼ਹਿ ਪ੍ਰਾਪਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਜੋ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ। ਵਫ਼ਦ ਨੇ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਅਤੇ ਰਾਜ ਵਿਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ।

ਉੱਥੇ ਹੀ ਰਾਜਪਾਲ ਨੇ ਮੁੱਖ ਮੰਤਰੀ, ਜੋ ਗ੍ਰਹਿ ਮੰਤਰੀ ਵੀ ਹਨ, ਨਾਲ ਗੱਲ ਕੀਤੀ ਅਤੇ ਇਸ ਮਾਮਲੇ ‘ਤੇ ਆਪਣੀ ਗੰਭੀਰ ਚਿੰਤਾ ਜ਼ਾਹਰ ਕੀਤੀ। ਰਾਜਪਾਲ ਨੇ ਭਾਜਪਾ ਦੇ ਵਿਧਾਇਕ ਸ੍ਰੀ ਅਰੁਣ ਨਾਰੰਗ `ਤੇ ਹੋਏ ਤਾਜ਼ਾ ਹਮਲੇ ਦੀ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਅਥਾਰਟੀਆਂ ਕਿਸੇ ਉੱਤੇ ਵੀ ਇਸ ਤਰ੍ਹਾਂ ਦੇ ਗੈਰਕਾਨੂੰਨੀ ਅਤੇ ਹਿੰਸਕ ਹਮਲਿਆਂ ਦੀ ਆਗਿਆ ਨਹੀਂ ਦੇ ਸਕਦੀਆਂ। ਰਾਜਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਇਨ੍ਹਾਂ ਮਾਮਲਿਆਂ ਵਿੱਚ ਕੀਤੀ ਜਾ ਰਹੀ ਕਾਰਵਾਈ ਸਬੰਧੀ ਰਿਪੋਰਟ ਵੀ ਮੰਗੀ ਹੈ।

news

Leave a Reply

Your email address will not be published. Required fields are marked *