ਭਾਜਪਾ ਵੱਲੋਂ ਮਲੋਟ ਬੰਦ ਦੇ ਦਿੱਤੇ ਸੱਦੇ ਨੂੰ ਕਿੰਨਾ-ਕੁ ਮਿਲਿਆ ਹੁੰਗਾਰਾ ? ਜਾਣੋਂ

ਚੰਡੀਗੜ੍ਹ / ਸ੍ਰੀ ਮੁਕਤਸਰ ਸਾਹਿਬ : ਸ਼ਨੀਵਾਰ ਨੂੰ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿਚ ਅੱਜ ਸੋਮਵਾਰ ਨੂੰ ਬੀਜੇਪੀ ਨੇ ਮਲੋਟ ਬੰਦ ਦਾ ਸੱਦਾ ਦਿੱਤਾ ਸੀ। ਮਲੋਟ ਬੰਦ ਦੇ ਇਸ ਸੱਦੇ ਨੂੰ ਜ਼ਿਆਦਾ ਭਰਵਾਂ ਹੁੰਗਾਰਾ ਨਹੀਂ ਮਿਲਿਆ ਹੈ। ਬਜ਼ਾਰਾਂ ਵਿਚ ਜ਼ਿਆਦਾਤਰ ਦੁਕਾਨਾਂ ਖੁਲ੍ਹੀਆਂ ਰਹੀਆਂ ਅਤੇ ਸਾਂਤੀ ਵਿਵਸਥਾ ਕਾਇਮ ਰੱਖਣ ਲਈ ਭਾਰੀ ਪੁਲਿਸ ਬਲ ਤਾਇਨਾਤ ਰਿਹਾ। ਇਸ ਤੋਂ ਇਲਾਵਾ ਕਿਸਾਨਾਂ ਨੇ ਵੀ ਅੱਜ ਪੁਲਿਸ ਦੀ ਕਾਰਵਾਈ ਵਿਰੁੱਧ ਬਠਿੰਡਾ ਚੌਕ ਵਿਚ ਰੋਸ ਮੁਜ਼ਹਾਰਾ ਕੀਤਾ।

ਜਾਣਕਾਰੀ ਮੁਤਾਬਕ ਅੱਜ ਚੜ੍ਹਦੇ ਦਿਨ ਹੀ ਭਾਜਪਾ ਦੇ ਵਰਕਰਾਂ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਮਾਰਚ ਕੱਢਿਆ ਗਿਆ ਅਤੇ ਦੁਕਾਨਦਾਰਾਂ ਨੂੰ ਇਸ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਪਰ ਬਾਵਜੂਦ ਇਸਦੇ ਮੇਨ ਬਜ਼ਾਰ ਅਤੇ ਅਨਾਜ ਮੰਡੀ ਸਮੇਤ ਬਹੁਤ ਹੱਦ ਤੱਕ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇੰਦਰਾ ਰੋਡ, ਖੇਸਾ ਗਲੀ ਵਾਲੇ ਦੁਕਾਨਾਦਾਰਾਂ ਨੇ ਵੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ।

ਦੂਜੇ ਪਾਸੇ ਅਰੁਣ ਨਾਰੰਗ ਉੱਤੇ ਹੋਏ ਹਮਲੇ ਦੇ ਆਰੋਪ ਵਿਚ ਕਿਸਾਨਾਂ ਨੂੰ ਸੀਸੀਟੀਵੀ ਫੁਟੇਜ਼ ਦੇ ਆਧਾਰ ਉੱਤੇ ਪੁਲਿਸ ਦੁਆਰਾ ਗਿਰਫਤਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਬਾਕੀ ਕਿਸਾਨਾਂ ਵਿਚ ਰੋਸ ਹੈ। ਆਪਣੇ ਰੋਸ ਨੂੰ ਪ੍ਰਗਟ ਕਰਨ ਲਈ ਅੱਜ ਬਠਿੰਡਾ ਚੌਕ ਵਿਚ ਕਿਸਾਨ ਵੱਡੀ ਗਿਣਤੀ ‘ਚ ਇੱਕਠੇ ਹੋਏ ਅਤੇ ਉਨ੍ਹਾਂ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਿਸਾਨ ਸਭਾ ਦੇ ਆਗੂ ਅਲਬੇਲ ਸਿੰਘ ਘੁਮਿਆਰਾ ਨੇ ਕਿਹਾ ਕਿ ਜਿੰਨੀ ਦੇਰ ਸਰਕਾਰ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਅਤੇ ਪੁਲਿਸ ਬਿਨਾਂ ਕਾਰਨ ਕਿਸਾਨਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਦਾ ਭਰੋਸਾ ਨਹੀਂ ਦਿੰਦੀ ਉੱਨੀ ਦੇਰ ਸੰਘਰਸ਼ ਨੂੰ ਖ਼ਤਮ ਨਹੀਂ ਕਰਨਗੇ। ਉਨ੍ਹਾਂ ਨੇ ਭਾਜਪਾ ਦੇ ਵਰਕਰਾਂ ਵੱਲੋਂ ਜਬਰੀ ਦੁਕਾਨਾਂ ਬੰਦ ਕਰਾਉਣ ਦੀ ਵੀ ਨਿੰਦਿਆ ਕੀਤੀ।

news

Leave a Reply

Your email address will not be published. Required fields are marked *