ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਡੀਐਸਜੀਐਮਸੀ ਦੀਆਂ ਚੋਣਾਂ ਲਈ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ 6 ਧਾਰਮਿਕ ਪਾਰਟੀਆਂ ਦਾ ਨਾਮ ਸ਼ਾਮਲ ਹੈ। ਗੁਰਦੁਆਰਾ ਚੋਣ ਕਮਿਸ਼ਨ ਨੇ 6 ਧਾਰਮਿਕ ਪਾਰਟੀਆਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਹਨ ਪਰ ਅਕਾਲੀ ਦਲ ਦਾ ਇਸ ਲਿਸਟ ਵਿਚ ਨਾਮ ਤੇ ਨਿਸ਼ਾਨ ਦੋਣੋਂ ਹੀ ਸ਼ਾਮਲ ਨਹੀਂ ਹਨ। ਇਸ ਤੋਂ ਪਹਿਲਾਂ Directorate Gurdwara Elections ਨੇ ਅਕਾਲੀ ਦਲ ਨੂੰ ਨੋਟਿਸ ਭੇਜ ਕੇ ਇਹ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਕੀ ਅਕਾਲੀ ਦਲ ਧਾਰਮਿਕ ਪਾਰਟੀ ਦੇ ਤੌਰ ਉੱਤੇ ਚੋਣ ਲੜਨ ਦੇ ਯੋਗ ਹੈ, ਹਾਲਾਂਕਿ ਨੋਟਿਸ ਦੇ ਖਿਲਾਫ ਅਕਾਲੀ ਦਲ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਚੋਣ ਕਮਿਸ਼ਨ ਨੇ ਚੋਣਾਂ ਲੜਨ ਵਾਲੀਆਂ 6 ਪਾਰਟੀਆਂ ਦੇ ਨਾਮ ਅਤੇ ਚੋਣ ਨਿਸ਼ਾਨ ਜਾਰੀ ਕੀਤੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-
ਪੰਥਕ ਸੇਵਾ ਦਲ- ਕਿਸਾਨ ਡਰਾਈਵਿੰਗ ਟਰੈਕਟਰ
ਆਮ ਅਕਾਲੀ ਦਲ- ਬਲੈਕਬੋਰਡ
ਜਾਗੋ-ਜਾਗ ਆਸਰਾ ਗੁਰੂ ਓਟ- ਕਿਤਾਬ
ਪੰਥਕ ਅਕਾਲੀ ਲਹਿਰ-ਕੈਂਡਲ
ਸਿੱਖ ਸਦਭਾਵਨਾ ਦਲ-ਟੇਬਲ ਲੈਂਪ
ਸ਼੍ਰੋਮਣੀ ਅਕਾਲੀ ਦਲ ਦਿੱਲੀ- ਕਾਰ
ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ ਚੋਣ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸਾਰੇ ਵਾਰਡਾਂ ਵਿਚ 25 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਅਤੇ 28 ਅਪ੍ਰੈਲ ਨੂੰ ਨਤੀਜੇ ਆਉਣਗੇ। ਉਮੀਦਵਾਰਾਂ ਲਈ ਚੋਣ ਨਾਮਜ਼ਦਗੀਆਂ ਭਰਨੀਆਂ 31 ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ 7 ਅਪ੍ਰੈਲ ਤੱਕ ਨਾਮ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੋਵੇਗਾ।