ਚੰਡੀਗੜ੍ਹ : ਪੰਜਾਬ ਦੀ ਰੋਪੜ ਜੇਲ੍ਹ ਵਿਚ ਬੰਦ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਅੱਜ ਬੁੱਧਵਾਰ ਨੂੰ ਮੁਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਅੰਸਾਰੀ ਉੱਤੇ ਮੁਹਾਲੀ ਵਿਚ ਦਰਜ ਮਾਮਲਿਆਂ ‘ਚ ਪੇਸ਼ ਕੀਤੀ ਗਈ ਚਾਰਜ਼ਸ਼ੀਟ ਦੀਆਂ ਕਾਪੀਆਂ ਅਦਾਲਤ ਨੂੰ ਸੌਪੀਆਂ ਗਈਆਂ। ਬਾਹੁਬਲੀ ਵਿਧਾਇਕ ਨੂੰ ਵਹੀਲ ਚੇਅਰ ਉੱਤੇ ਅਦਾਲਤ ਲਿਆਂਦਾ ਗਿਆ ਸੀ। ਸੁਣਵਾਈ ਤੋਂ ਬਾਅਦ ਉਸ ਨੂੰ ਵਾਪਸ ਰੋਪੜ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ।
ਯੂਪੀ ਦੇ ਬਾਹੁਬਲੀ ਲੀਡਰ ਮੁਖਤਾਰ ਅੰਸਾਰੀ ਦੇ ਮੁਕੱਦਮੇ ਅਤੇ ਉਨ੍ਹਾਂ ਦੀ ਕਸਟਡੀ ਟਰਾਂਸਫਰ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ 26 ਮਾਰਚ ਨੂੰ ਫੈਸਲਾ ਸੁਣਾਇਆ ਸੀ। ਕੋਰਟ ਨੇ ਕਿਹਾ ਸੀ ਕਿ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਦੋ ਹਫ਼ਤੇ ਅੰਦਰ ਉੱਤਰ ਪ੍ਰਦੇਸ਼ ਦੀ ਜ਼ੇਲ੍ਹ ਵਿਚ ਸ਼ਿਫਟ ਕਰਨਾ ਹੋਵੇਗਾ। ਯੂਪੀ ਸਰਕਾਰ ਨੂੰ 14 ਅਪਰਾਧਿਕ ਮਾਮਲਿਆਂ ਵਿਚ ਅੰਸਾਰੀ ਦੀ ਕਸਟਡੀ ਦੀ ਲੋੜ ਹੈ। ਜਨਵਰੀ 2019 ਤੋਂ ਅੰਸਾਰੀ ਪੰਜਾਬ ਦੀ ਜ਼ੇਲ੍ਹ ਵਿਚ ਬੰਦ ਹੈ, ਜਿੱਥੇ ਉਸ ਨੂੰ ਜ਼ਬਰਨ ਵਸੂਲੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।
ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕਰ ਕਿਹਾ ਸੀ ਕਿ ਅੰਸਾਰੀ ਦੀ ਗੈਰ-ਹਾਜ਼ਰੀ ਕਾਰਨ ਯੂਪੀ ਵਿਚ ਉਸ ਉੱਤੇ ਦਰਜ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਪਾ ਰਹੀ ਹੈ। ਯੂਪੀ ਸਰਕਾਰ ਦੀ ਪਟੀਸ਼ਨ ਉੱਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਖਲ ਕਰ ਅੰਸਾਰੀ ਨੂੰ ਯੂਪੀ ਸਰਕਾਰ ਦੀ ਹਿਰਾਸਤ ਵਿਚ ਦੇਣ ਤੋਂ ਇਨਕਾਰ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਦਾ ਕਾਰਨ ਅੰਸਾਰੀ ਦੀ ਸਿਹਤ ਨੂੰ ਦੱਸਿਆ ਸੀ। ਹਾਲਾਂਕਿ ਅਦਾਲਤ ਪੰਜਾਬ ਸਰਕਾਰ ਦੀਆਂ ਦਲੀਲਾਂ ਨਾਲ ਸੰਤੁਸ਼ਟ ਨਹੀਂ ਹੋਈ ਅਤੇ ਅੰਸਾਰੀ ਨੂੰ ਯੂਪੀ ਸਰਕਾਰ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ।