ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਜਮ੍ਹੀ ਬਰਫ਼ ਫਿਰ ਤੋਂ ਪਿਘਲਦੀ ਵਿਖਾਈ ਦੇ ਰਹੀ ਹੈ। ਦਰਅਸਲ ਦੋਵਾਂ ਦੇਸ਼ਾਂ ਦਰਮਿਆਨ ਇਕ ਵਾਰ ਫਿਰ ਵਪਾਰਕ ਸਬੰਧ ਸ਼ੁਰੂ ਹੋ ਸਕਦੇ ਹਨ। ਅੱਜ ਬੁੱਧਵਾਰ ਨੂੰ ਪਾਕਿਸਤਾਨ ਦੀ ਆਰਥਿਕ ਮਾਮਲਿਆਂ ਨਾਲ ਜੁੜੀ ਕੈਬਨਿਟ ਦੀ ਬੈਠਕ ਹੋਣੀ ਹੈ ਜਿਸ ਵਿਚ ਇਮਰਾਨ ਖਾਨ ਦੀ ਸਰਕਾਰ ਭਾਰਤ ਨਾਲ ਵਪਾਰ ਸ਼ੁਰੂ ਕਰਨ ਉੱਤੇ ਫੈਸਲਾ ਲੈ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਕੈਬਨਿਟ ਇਕਨਾਮਿਕ ਕਾਰਡੀਨੇਸ਼ਨ ਕਮੇਟੀ ਬੁੱਧਵਾਰ ਨੂੰ ਆਪਣੀ ਇਕ ਰਿਪੋਰਟ ਪੇਸ਼ ਕਰੇਗੀ ਜਿਸ ਵਿਚ ਭਾਰਤ ਨਾਲ ਕਪਾਹ ਅਤੇ ਚੀਨੀ ਦਾ ਵਪਾਰ ਸ਼ੁਰੂ ਕਰਨ ਦੀ ਅਪੀਲ ਕੀਤੀ ਜਾਵੇਗੀ। ਜੇਕਰ ਕਮੇਟੀ ਦੀ ਇਸ ਰਿਪੋਰਟ ਨੂੰ ਮੰਜ਼ੂਰੀ ਮਿਲਦੀ ਹੈ ਤਾਂ ਪਾਕਿਸਤਾਨ ਅਧਿਕਾਰਕ ਰੂਪ ਨਾਲ ਭਾਰਤ ਤੋਂ ਵਪਾਰ ਸ਼ੁਰੂ ਕਰਨ ਦੀ ਅਪੀਲ ਕਰ ਸਕਦਾ ਹੈ। ਯਾਦ ਰਹੇ ਕਿ ਲੰਬੇ ਸਮੇਂ ਤੋਂ ਪਾਕਿਸਤਾਨ ਨਾਲ ਭਾਰਤ ਨੇ ਵਪਾਰ ਬੰਦ ਕੀਤਾ ਹੋਇਆ ਹੈ। ਵਪਾਰ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਹਲਚਲ ਇਹ ਵੀ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸੀਰੀਜ਼ ਦਾ ਆਗਾਜ਼ ਕੀਤਾ ਜਾਵੇ ਜਿੱਥੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਆਈਸੀਸੀ ਦੀ ਬੈਠਕ ਵਿਚ ਇਸ ਦਾ ਪ੍ਰਸਤਾਵ ਰੱਖੇ ਜਾਣ ਦੀ ਗੱਲ ਕਹੀ ਗਈ ਸੀ।
ਦੱਸ ਦਈਏ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਆਈ ਹੋਈ ਦਰਾਰ ਹੁਣ ਕੁੱਝ ਸਮੇਂ ਤੋਂ ਘੱਟਦੀ ਵਿਖਾਈ ਦੇ ਰਹੀ ਹੈ। ਲਗਾਤਾਰ ਦੋਣਾਂ ਦੇਸ਼ਾਂ ਵੱਲੋਂ ਹੀ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਹੈ। ਪਹਿਲਾਂ ਪਾਕਿਸਤਾਨੀ ਸੈਨਾ ਦੇ ਮੁੱਖੀ ਕਮਰ ਬਾਜਵਾ ਨੇ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਪੈਰਵੀ ਕੀਤੀ, ਫਿਰ ਇਮਰਾਨ ਖਾਨ ਦਾ ਵੀ ਬਿਆਨ ਆਇਆ। ਹਾਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪੀਐਮ ਅਤੇ ਰਾਸ਼ਟਰਪਤੀ ਨੂੰ ਨੈਸ਼ਨਲ ਡੇਅ ਉੱਤੇ ਵਧਾਈ ਦਿੱਤੀ ਸੀ ਜਿਸ ਦਾ ਜਵਾਬ ਇਮਰਾਨ ਖਾਨ ਨੇ ਖੱਤ ਰਾਹੀਂ ਦਿੰਦਿਆ ਧੰਨਵਾਦ ਵਿਅਕਤ ਕੀਤਾ ਪਰ ਫਿਰ ਤੋਂ ਜੰਮੂ ਕਸ਼ਮੀਰ ਦਾ ਰਾਗ ਅਲਾਪਿਆ ਹੈ। ਇਮਰਾਨ ਖਾਨ ਨੇ ਕਿਹਾ ਕਿ ਸਥਿਰਤਾ ਲਈ ਜੰਮੂ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਦਾ ਹੱਲ ਜ਼ਰੂਰੀ ਹੈ।