ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਅੱਜ ਬੁੱਧਵਾਰ ਨੂੰ ਕਈਂ ਅਹਿਮ ਐਲਾਨ ਕੀਤੇ ਗਏ ਹਨ ਜਿਸ ਤਹਿਤ ਮਈ ਦੇ ਪਹਿਲੇ ਹਫਤੇ ਸੰਸਦ ਵੱਲ ਕੂਚ ਕੀਤਾ ਜਾਵੇਗਾ। ਫਿਲਹਾਲ ਸੰਸਦ ਕੂਚ ਦੀ ਤਾਰੀਖ ਅਜੇ ਫਾਈਨਲ ਨਹੀਂ ਕੀਤੀ ਗਈ ਹੈ ਜਿਸ ਦੀ ਘੋਸ਼ਣਾ ਜਲਦੀ ਹੀ ਕਰ ਦਿੱਤੀ ਜਾਵੇਗੀ। ਮੋਰਚੇ ਨੇ ਦੱਸਿਆ ਹੈ ਕਿ ਸਾਰੇ ਕਿਸਾਨ ਦਿੱਲੀ ਸਰਹੱਦ ਤਕ ਆਪਣੀ ਸਵਾਰੀ ‘ਤੇ ਆਉਣਗੇ ਅਤੇ ਫਿਰ ਪੈਦਲ ਦਿੱਲੀ ਜਾਣਗੇ। ਇਸ ਦੌਰਾਨ ਟੀਮਾਂ ਬਣਾ ਕੇ ਕੰਮ ਕੀਤਾ ਜਾਵੇਗਾ, ਤਾਂ ਜੋ ਕੋਈ ਗੜਬੜੀ ਨਾ ਹੋਵੇ। ਸੰਸਦ ਭਵਨ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਜਾਇਆ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਸੰਵਿਧਾਨ ਨੂੰ ਬਚਾਉਣ ਲਈ ਉਨ੍ਹਾਂ ਵਲੋਂ 14 ਅਪ੍ਰੈਲ ਨੂੰ ਸੰਵਿਧਾਨ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਇਸ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਇੱਥੇ ਅੰਦੋਲਨ ‘ਚ ਬਹੁਤ ਕੁਝ ਹੋਇਆ ਹੈ। ਸਰਕਾਰ ਵਾਰ ਵਾਰ ਆਪਣੀ ਮਨਮਾਨੀ ਕਰ ਰਹੀ ਹੈ। 13 ਅਪ੍ਰੈਲ ਨੂੰ ਖਾਲਸਾਈ ਦਿਵਸ ਮਨਾਇਆ ਜਾਵੇਗਾ।
ਐਸਕੇਐਮ ਨੇ ਐਲਾਨ ਕੀਤਾ ਹੈ ਕਿ 10 ਅਪ੍ਰੈਲ ਨੂੰ 24 ਘੰਟਿਆਂ ਦਾ ਕੇਐਮਪੀ ਜਾਮ ਕੀਤਾ ਜਾਵੇਗਾ। ਇਹ ਜਾਮ 10 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ 11 ਅਪ੍ਰੈਲ 11 ਵਜੇ ਤੱਕ ਰਹੇਗਾ। ਮੋਰਚੇ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ, ਸਰਕਾਰ ਨੂੰ ਜਗਾਉਣ ਲਈ 24 ਘੰਟੇ ਜਾਮ ਰਹੇਗਾ। ਇਸ ਤੋਂ ਇਲਾਵਾ 1 ਮਈ ਨੂੰ ਲੇਬਰ ਡੇਅ ਸਾਰੇ ਬਾਰਡਰਾਂ ‘ਤੇ ਮਨਾਇਆ ਜਾਵੇਗਾ ਕਿਉਂਕਿ ਹਰ ਕੋਈ ਅੰਦੋਲਨ ‘ਚ ਸ਼ਾਮਲ ਹੈ। ਉੱਥੇ ਹੀ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਪੂਰੇ ਦੇਸ਼ ਤੋਂ ਮਿੱਟੀ ਲਿਆਂਦੀ ਜਾਵੇਗੀ, ਤਾਂ ਜੋ ਬਾਰਡਰਾਂ ‘ਤੇ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਬਣਾਈ ਜਾਵੇ ਅਤੇ ਲੋਕ ਉਨ੍ਹਾਂ ਨੂੰ ਯਾਦ ਰੱਖਣ।