ਨਵੀਂ ਦਿੱਲੀ : 26 ਜਨਵਰੀ ਨੂੰ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਲਾਲ ਕਿਲ੍ਹਾ ਉੱਤੇ ਹੋਈ ਹਿੰਸਾ ਦੇ ਮਾਮਲੇ ਵਿਚ ਗਿਰਫਤਾਰ ਕੀਤੇ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਅੱਜ ਕ੍ਰਾਇਮ ਬ੍ਰਾਂਚ ਦੀ ਟੀਮ ਚਾਣਕਿਆਪੁਰੀ ਤੋਂ ਲਾਲ ਕਿਲ੍ਹੇ ਉੱਤੇ ਲਿਜਾ ਰਹੀ ਹੈ। ਇੱਥੇ ਗਣਤੰਤਰ ਦਿਵਸ ਵਾਲੇ ਦਿਨ ਹੋਈ ਘਟਨਾ ਦੇ ਸੀਨ ਨੂੰ ਰੀਕ੍ਰਿਏਟ ਕੀਤਾ ਜਾਵੇਗਾ ਅਤੇ ਦੀਪ ਸਿੱਧੂ ਤੋਂ ਇਸ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਦਰਅਸਲ ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 7 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ ਹੋਇਆ ਹੈ। ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਸ਼ੁਰੂਆਤੀ ਪੁੱਛਗਿੱਛ ਵਿਚ ਦੀਪ ਸਿੱਧੂ ਨੇ ਦੱਸਿਆ ਸੀ ਕਿ ਉਸ ਨੂੰ ਸ਼ੱਕ ਸੀ ਕਿ ਸਰਕਾਰ ਨਾਲ ਗੱਲਬਾਤ ਵਿਚ ਅਤੇ ਦਿੱਲੀ ਪੁਲਿਸ ਨਾਲ ਟਰੈਕਟਰ ਰੈਲੀ ਦੌਰਾਨ ਕਿਸਾਨ ਲੀਡਰ ਨਰਮ ਹੋ ਰਹੇ ਸਨ, ਲੌਕਡਾਊਨ ਦੌਰਾਨ ਅਤੇ ਬਾਅਦ ਵਿਚ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਸੀ ਅਤੇ ਅਗਸਤ ਵਿਚ ਜਦੋਂ ਕਿਸਾਨ ਅੰਦੋਲਨ ਪੰਜਾਬ ‘ਚ ਸ਼ੁਰੂ ਹੋਇਆ ਤਾਂ ਉਹ ਇਸ ਪ੍ਰਤੀ ਆਕਰਸ਼ਿਤ ਹੋ ਗਿਆ।

ਦੀਪ ਸਿੱਧੂ ਨੇ ਦੱਸਿਆ ਕਿ ਜਦੋਂ ਉਹ ਵਿਰੋਧ ਸਥਾਨਾਂ ਉੱਤੇ ਜਾਂਦਾ ਸੀ ਤਾਂ ਨੌਜਵਾਨ ਵੱਡੀ ਗਿਣਤੀ ਵਿਚ ਪਹੁੰਚਦੇ ਸਨ। ਉਹ 28 ਨਵੰਬਰ ਨੂੰ ਕਿਸਾਨਾਂ ਨਾਲ ਦਿੱਲੀ ਪਹੁੰਚਿਆ। ਗਣਤੰਤਰ ਦਿਵਸ ਪਰੇਡ ਤੋਂ ਕੁੱਝ ਦਿਨ ਪਹਿਲਾਂ ਸਿੱਧੂ ਨੇ ਆਪਣੇ ਸਮਰਥਕਾਂ ਨਾਲ ਨਿਰਧਾਰਤ ਮਾਰਗ ਨੂੰ ਤੋੜਨ ਦਾ ਫੈਸਲਾ ਕੀਤਾ। ਰਿਪੋਰਟਾਂ ਮੁਤਾਬਕ ਦੀਪ ਸਿੱਧੂ ਨੇ ਪਹਿਲਾਂ ਹੀ ਸਾਜਿਸ਼ ਰੱਚੀ ਸੀ ਕਿ ਲਾਲ ਕਿਲ੍ਹਾ ਅਤੇ ਜੇਕਰ ਸੰਭਵ ਹੋ ਸਕੇ ਤਾਂ ਇੰਡੀਆ ਗੇਟ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਾਂਚ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਲਾਲ ਕਿਲ੍ਹੇ ਉੱਤੇ ਧਾਰਮਿਕ ਝੰਡਾ ਲਹਿਰਾਉਣ ਵਾਲਾ ਆਰੋਪੀ ਜੁਗਰਾਜ ਸਿੰਘ ਖਾਸ ਤੌਰ ਉੱਤੇ ਝੰਡਾ ਲਹਿਰਾਉਣ ਲਈ ਹੀ ਲਿਆਂਦਾ ਗਿਆ ਸੀ। ਦੀਪ ਸਿੱਧੂ ਨੇ ਪੁੱਛਗਿੱਛ ਵਿਚ ਸਾਫ ਕੀਤਾ ਹੈ ਕਿ ਉਸ ਦਾ ਕਿਸੇ ਕੱਟੜਪੰਥੀ ਸੰਗਠਨ ਨਾਲ ਕੋਈ ਲਿੰਕ ਨਹੀਂ ਹੈ।

By news

Leave a Reply

Your email address will not be published. Required fields are marked *