ਚੰਡੀਗੜ੍ਹ : ਅੱਜ ਪੰਜਾਬ ਦੇ ਕਿਸਾਨਾਂ ਦੁਆਰਾ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਹੈ ਪਰ ਹਰਿਆਣਾ ਬਾਰਡਰ ਉੱਤੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੌਛਾਰਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਹਨ, ਹਾਲਾਂਕਿ ਕਿਸਾਨ ਸ਼ੰਭੂ ਬਾਰਡਰ ਰਾਹੀਂ ਹਰਿਆਣਾ ਵਿਚ ਦਾਖਲ ਹੋਣ ‘ਚ ਸਫ਼ਲ ਹੋ ਗਏ ਹਨ ਪਰ ਇਸ ਪੂਰੇ ਘਟਨਾਕ੍ਰਮ ਉੱਤੇ ਹੁਣ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ।

ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ”ਲਗਭਗ 2 ਮਹੀਂਨੇ ਤੋਂ ਕਿਸਾਨ ਬਿਨਾਂ ਕਿਸੇ ਸਮੱਸਿਆ ਦੇ ਪੰਜਾਬ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਬਲ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਕਿਉਂ ਉਕਸਾ ਰਹੀ ਹੈ। ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਹਾਈਵੇ ਉੱਤੇ ਸ਼ਾਂਤੀ ਨਾਲ ਲੰਘਣ?” ਸੀਐਮ ਕੈਪਟਨ ਨੇ ਅੱਗੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ 2020 ਉੱਤੇ ਇਸ ਢੰਗ ਨਾਲ ਕਿਸਾਨਾਂ ਦੇ ਸੰਵਿਧਾਨਕ ਅਧਿਕਾਰਾਂ ਉੱਤੇ ਜ਼ੁਲਮ ਹੋ ਰਹੇ ਹਨ।ਉਨ੍ਹਾਂ ਅੱਗੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਅੱਗੇ ਵੱਧਣ ਦੇਣ।

ਕੈਪਟਨ ਦੇ ਇਸ ਟਵੀਟ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਜਵਾਬ ਦਿੱਤਾ ਹੈ। ਖੱਟਰ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਕੈਪਟਨ ਅਮਰਿੰਦਰ ਸਿੰਘ ਮੈਂ ਫਿਰ ਕਹਿ ਰਿਹਾ ਹਾਂ ਕਿ ਜੇਕਰ ਐਮਐਸਪੀ ਨੂੰ ਕੋਈ ਨੁਕਸਾਨ ਹੋਇਆ ਤਾਂ ਮੈ ਰਾਜਨੀਤੀ ਛੱਡ ਦਿਆਂਗਾ। ਇਸ ਲਈ ਕ੍ਰਿਪਾ ਕਰਕੇ ਨਿਰਦੋਸ਼ ਕਿਸਾਨਾਂ ਨੂੰ ਉਕਸਾਉਣਾ ਬੰਦ ਕਰੋ। ਮੈਂ ਪਿਛਲੇ ਤਿੰਨ ਦਿਨਾਂ ਤੋਂ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਪਹੁੰਚ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ”। 

ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਹੀ ਅੰਦਾਜ਼ ਵਿਚ ਇਸ ਮੁੱਦੇ ਉੱਤੇ ਟਵੀਟ ਕਰਦਿਆਂ ਕਿਹਾ ਹੈ ਕਿ ”ਹਕੂਮਤ ਨਾਲ ਜਿੱਤਣ ਦੀ ਜੱਦੋ ਜਹਿਦ ਉਦੋਂ ਕਰਦਾ ਹੈ ਕੋਈ ਕਿਸਾਨ, ਜਦੋਂ ਉਸ ਨੇ ਆਪਣੀ ਜ਼ਿੰਦਗੀ ਦਾਂਅ ਉੱਤੇ ਲਗਾ ਰੱਖੀ ਹੋਵੇ”।

ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰਕੇ ਭਾਜਪਾ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ”ਕਿਸਾਨਾਂ ਦੇ ਸਮੱਰਥਨ ਮੁੱਲ ਖੋਹਣ ਵਾਲੇ ਕਾਨੂੰਨ ਦੇ ਵਿਰੋਧ ਵਿਚ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਉੱਤੇ ਭਾਰੀ ਠੰਡ ਵਿਚ ਪਾਣੀ ਦੀ ਬੌਛਾਰ ਮਾਰਦੀ ਹੈ। ਕਿਸਾਨਾਂ ਤੋਂ ਸੱਭ ਕੁੱਝ ਖੋਹਿਆ ਜਾ ਰਿਹਾ ਹੈ ਅਤੇ ਪੂੰਜੀਪਤੀਆਂ ਨੂੰ ਥਾਲ ਵਿਚ ਸਜਾ ਕੇ ਬੈਂਕ, ਕਰਜ਼ਾਮੁਆਫ਼ੀ, ਏਅਰਪੋਰਟ ਰੇਲਵੇ ਸਟੇਸ਼ਨ ਵੰਡੇ ਜਾ ਰਹੇ ਹਨ”।

ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰ ਕਿਹਾ ਹੈ ਕਿ ”ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਇਹ ਬਿੱਲ ਵਾਪਸ ਲੈਣ ਦੀ ਥਾਂ ਕਿਸਾਨਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਨ੍ਹਾਂ ਉੱਤੇ ਵਾਟਰ ਕੈਨਨ ਚਲਾਈ ਜਾ ਰਹੀ ਹੈ। ਕਿਸਾਨਾਂ ਉੱਤੇ ਜ਼ੁਰਮ ਬਿਲਕੁੱਲ ਗਲਤ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ”।

By news

Leave a Reply

Your email address will not be published. Required fields are marked *