ਚੰਡੀਗੜ੍ਹ : ਇਕ ਪਾਸੇ ਜਿੱਥੇ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਰਿਲਾਇੰਸ ਦੇ ਪ੍ਰੋਡਕਟਾਂ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਰਿਲਾਇੰਸ ਜੀਓ ਨਾਲ ‘ਸਾਂਝ’ ਸਾਹਮਣੇ ਆਈ ਹੈ। ਦਰਅਸਲ ਪਾਵਰਕੌਮ ਨੇ ਹੁਣ ਵੋਡਾਫੋਨ ਨੂੰ ਛੱਡ ਕੇ ਰਿਲਾਇੰਸ ਜੀਓ ਦੇ ਸਿਮ ਵਰਤਣ ਦੀ ਤਿਆਰੀ ਖਿੱਚ ਲਈ ਹੈ।

ਇਸ ਸੰਬੰਧ ਵਿਚ PSPCL ਨੇ 1 ਮਾਰਚ ਨੂੰ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮਹਿਕਮੇ ਵੱਲੋਂ ਹੁਣ ਵੋਡਾਫੋਨ ਮੋਬਾਇਲ ਸਿਮ ਕਾਰਡਾਂ ਦੀ ਥਾਂ ਰਿਲਾਇੰਸ ਜੀਓ ਕੰਪਨੀ ਦੇ ਸਿਮ ਜਾਰੀ ਕੀਤੇ ਜਾਣੇ ਹਨ। ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਲਈ ਆਪ ਦੇ ਹਲਕੇ ਅਧੀਨ ਹੁਣ ਤੱਕ ਜਾਰੀ ਹੋਏ ਸਾਰੇ ਵੋਡਾਫੋਨ ਮੋਬਾਇਲ ਸਿਮ ਕਾਰਡਾਂ ਬਾਰੇ ਹੇਠ ਅਨੁਸਾਰ ਸੂਚਨਾ ਤਿਆਰ ਕਰਕੇ ਦੁਪਹਿਰ ਤਿੰਨ ਵਜੇ ਤੱਕ ਅੱਜ ਹੀ ਹਰ ਹਾਲਤ ਵਿਚ ਭੇਜਣਾ ਯਕੀਨੀ ਬਣਾਇਆ ਜਾਵੇ। ਨਿਰਧਾਰਤ ਸਮੇਂ ਤੱਕ ਸੂਚਨਾ ਪ੍ਰਾਪਤ ਨਾ ਹੋਣ ਉੱਤੇ ਆਪ ਦੇ ਦਫਤਰ ਦੀ ਸੂਚਨਾ ਛੱਡ ਕੇ ਸੂਚਨਾ ਉਚ ਦਫਤਰ ਨੂੰ ਭੇਜ ਦਿੱਤੀ ਜਾਵੇਗੀ ਜਿਸ ਦੀ ਪੂਰੀ ਜ਼ਿੰਮੇਵਾਰੀ ਆਪ ਦੇ ਦਫਤਰ ਦੀ ਹੋਵੇਗੀ।

ਪਾਵਰਕੌਮ ਦੇ ਸੂਤਰਾਂ ਮੁਤਾਬਕ ਰਿਲਾਇੰਸ ਜੀਓ ਦੇ ਘੱਟ ਰੇਟ ਕਾਰਨ ਅਦਾਰੇ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਸ ਕੰਪਨੀ ਦੇ ਸਿਮ ਦਿੱਤੇ ਜਾਣਗੇ। ਅਜਿਹੇ ਸਿਮਾਂ ਦੀ ਵਰਤੋਂ ਸਬੰਧੀ ਭਾਵੇਂ ਮੁਲਾਜ਼ਮਾਂ ਨੂੰ ਅਦਾਰੇ ਵੱਲੋਂ ਕੋਈ ਪੈਸਾ ਅਦਾ ਨਹੀ ਕੀਤਾ ਜਾਂਦਾ ਫਿਰ ਵੀ ਫੈਸਲਾ ਲਾਗੂ ਕਰਨ ਦਾ ਅਧਿਕਾਰ ਮੈਨੇਜਮੈਂਟ ਦਾ ਹੈ। ਸੂਤਰਾਂ ਮੁਤਾਬਕ ਅਜਿਹੇ ਫੈਸਲੇ ਸਬੰਧੀ ਮਹਿਕਮੇ ਦੀ ਤਰਫੋਂ ਹੁਕਮ ਜਲਦੀ ਜਾਰੀ ਕਰ ਦਿੱਤੇ ਜਾਣਗੇ ਤੇ ਅਗਲੇ ਕੁਝ ਦਿਨਾਂ ਦੌਰਾਨ ਜਾਂ ਇਸ ਮਹੀਨੇ ਦੇ ਅਖੀਰ ਤੱਕ ਅਦਾਰੇ ਅੰਦਰ ਵੋਡਾਫੋਨ ਦੀ ਥਾਂ ਰਿਲਾਇੰਸ ਜੀਓ ਲੈ ਲਵੇਗਾ।

By news

Leave a Reply

Your email address will not be published. Required fields are marked *