ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ (ਐਚ.ਐਸ.ਆਰ.ਪੀ.) ਲਗਵਾਉਣ ਲਈ ਇਕ ਮਹੀਨੇ ਦਾ ਹੋਰ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਪਿਛਲੇ 8 ਮਹੀਨਿਆਂ ਦੌਰਾਨ ਲਗਭਗ 13 ਲੱਖ ਵਾਹਨਾਂ ‘ਤੇ ਇਹ ਨੰਬਰ ਪਲੇਟਾਂ ਫਿਕਸ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਬਹੁਤ ਸਾਰੇ ਵਾਹਨ ਮਾਲਕ ਇਨ੍ਹਾਂ ਪਲੇਟਾਂ ਨੂੰ ਲਗਵਾਉਣ ਲਈ ਅੱਗੇ ਨਹੀਂ ਆਏ ਹਨ। ਅਜਿਹੇ ਸਾਰੇ ਵਾਹਨ ਮਾਲਕਾਂ ਲਈ ਇਨਾਂ ਪਲੇਟਾਂ ਨੂੰ ਲਗਵਾਉਣ ਲਈ 15 ਅਪ੍ਰੈਲ ਤੱਕ ਦਾ ਅੰਤਿਮ ਮੌਕਾ ਦਿੱਤਾ ਗਿਆ ਹੈ ਜਿਸ ਮਗਰੋਂ ਸਬੰਧਤ ਅਧਿਕਾਰੀ ਹਾਈ ਸਕਿਓਰਿਟੀ ਰਜਿਸਟ੍ਰੇਸਨ ਪਲੇਟਾਂ ਤੋਂ ਬਗੈਰ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦੇਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਕਿਹਾ ਕਿ ਇਸ ਵੇਲੇ ਸੂਬੇ ਵਿੱਚ 102 ਕੇਂਦਰਾਂ ‘ਤੇ ਐਚ.ਐਸ.ਆਰ.ਪੀ. ਫਿੱਟ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੇਂਦਰਾਂ ‘ਤੇ ਵਾਹਨ ਮਾਲਕ ਮੋਬਾਈਲ ਐਪਲੀਕੇਸ਼ਨ ‘ਐਚਐਸਆਰਪੀ ਪੰਜਾਬ’ ਜਾਂ ਵੈੱਬਸਾਈਟ www.Punjabhsrp.in ਤੋਂ ਆਪਣੀ ਸਹੂਲਤ ਅਨੁਸਾਰ ਆਨਲਾਈਨ ਸਮਾਂ ਲੈ ਕੇ ਅਤੇ ਫ਼ੀਸ ਦੀ ਅਦਾਇਗੀ ਕਰਕੇ ਪਲੇਟਾਂ ਲਗਵਾ ਸਕਦੇ ਹਨ। ਚਾਹਵਾਨ ਪਲੇਟਾਂ ਫਿੱਟ ਕਰਾਉਣ ਦੀ ਤਰੀਕ ਲੈਣ ਲਈ ਹੈਲਪਲਾਈਨ ਨੰਬਰ 7888498859 ਅਤੇ 7888498853 ’ਤੇ ਕਾਲ ਵੀ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਘਰ ਵਿੱਚ ਹੀ ਪਲੇਟਾਂ ਲਗਵਾਉਣ ਦੀ ਵਿਸ਼ੇਸ਼ ਸਹੂਲਤ ਵੀ ਉਪਲੱਬਧ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਦੋ ਅਤੇ ਤਿੰਨ ਪਹੀਆ ਵਾਹਨ ਮਾਲਕਾਂ ਨੂੰ 100 ਰੁਪਏ ਅਤੇ ਚਾਰ ਅਤੇ ਇਸ ਤੋਂ ਵੱਧ ਪਹੀਆ ਵਾਹਨ ਮਾਲਕਾਂ ਨੂੰ 150 ਰੁਪਏ ਦੇਣੇ ਪੈਂਦੇ ਹਨ।

ਰਾਜ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਐਚ.ਐਸ.ਆਰ.ਪੀ ਦੀ ਵਰਤੋਂ ਨਾਲ ਗੁੰਮੀਆਂ ਜਾਂ ਚੋਰੀ ਹੋਈਆਂ ਗੱਡੀਆਂ ਨੂੰ ਟਰੈਕ ਕਰਨ ਵਿਚ ਹੋਰ ਸੁਧਾਰ ਹੋਇਆ ਹੈ ਕਿਉਂ ਕਿ ਜੇਕਰ ਐਚ.ਐਸ.ਆਰ.ਪੀ ਨੂੰ ਫਿਕਸ ਨਹੀਂ ਕੀਤਾ ਗਿਆ ਤਾਂ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਪਿ੍ਰੰਟ ਕਰਨਾ ਸੰਭਵ ਨਹੀਂ ਹੋਵੇਗਾ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਸਾਰੇ ਵਾਹਨਾਂ ਲਈ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਫਿਕਸ ਕਰਵਾਉਣਾ ਲਾਜਮੀ ਹਨ ਅਤੇ ਪੰਜਾਬ ਵਿੱਚ ਵੀ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਫਿਕਸ ਕਰਵਾਏ ਬਿਨਾਂ ਆਰਸੀ ਪਿ੍ਰੰਟ ਨਹੀਂ ਕਰਵਾਈ ਜਾ ਸਕੇਗੀ।

By news

Leave a Reply

Your email address will not be published. Required fields are marked *